ਹੁਸ਼ਿਆਰਪੁਰ:- ਹਲਕਾ ਚੱਬੇਵਾਲ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਗਤੀ ਦਿੰਦਿਆਂ ਵਿਧਾਇਕ ਡਾ. ਇਸ਼ਾਂਕ ਕੁਮਾਰ ਹਰ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਇਸੇ ਲੜੀ ਤਹਿਤ ਉਨ੍ਹਾਂ ਨੇ ਹਾਲ ਹੀ ਵਿੱਚ ਪਿੰਡ ਹਰਖੋਵਾਲ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਹਰਖੋਵਾਲ ਵਿੱਚ ਲਗਭਗ 1.47 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਕਈ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਵੀ ਹੋ ਚੁੱਕੇ ਹਨ, ਜਿਨ੍ਹਾਂ ਨਾਲ ਸੜਕਾਂ, ਸਿਹਤ, ਪੀਣ ਵਾਲੇ ਪਾਣੀ, ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਵੱਡਾ ਸੁਧਾਰ ਆਇਆ ਹੈ।
ਵਿਧਾਇਕ ਨੇ ਦੱਸਿਆ ਕਿ ਹਰਖੋਵਾਲ ਤੋਂ ਅੱਤੋਵਾਲ ਅੱਡਾ ਤੱਕ 1.33 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ 40 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਬਿਹਤਰ ਅਤੇ ਸੁਚੱਜੀ ਆਵਾਜਾਈ ਦੀ ਸਹੂਲਤ ਮਿਲੀ ਹੈ। ਇਸ ਤੋਂ ਇਲਾਵਾ ਢੱਕੋਵਾਲ ਤੋਂ ਹਰਖੋਵਾਲ ਤੱਕ 1.52 ਕਿਲੋਮੀਟਰ ਲੰਬੀ ਸੜਕ ਦਾ ਕੰਮ 22.16 ਲੱਖ ਰੁਪਏ ਦੀ ਲਾਗਤ ਨਾਲ ਤੇਜ਼ੀ ਨਾਲ ਚੱਲ ਰਿਹਾ ਹੈ। ਪੰਡੋਰੀ ਬੀਬੀ ਤੋਂ ਹਰਖੋਵਾਲ ਤੱਕ 1.16 ਕਿਲੋਮੀਟਰ ਲੰਬੀ ਸੜਕ 20.30 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਦਕਿ ਡੇਰਾ ਹਰਖੋਵਾਲ ਤੋਂ ਮਰਨਾਈਆਂ ਤੱਕ 0.70 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ 12 ਲੱਖ ਰੁਪਏ ਦੀ ਲਾਗਤ ਨਾਲ ਜਾਰੀ ਹੈ, ਜਿਸ ਨਾਲ ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਆਸਾਨ ਆਵਾਜਾਈ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਆਲੇ-ਦੁਆਲੇ ਦੇ ਪਿੰਡਾਂ ਦੀ ਸੜਕ ਸੰਪਰਕ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ।
ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਹੈ ਅਤੇ ਲਗਭਗ ਅੱਧੇ ਪਿੰਡ ਦੀਆਂ ਬਿਜਲੀ ਦੀਆਂ ਤਾਰਾਂ ਬਦਲੀਆਂ ਜਾ ਚੁੱਕੀਆਂ ਹਨ, ਜਿਸ ਨਾਲ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਮਿਲ ਰਹੀ ਹੈ। ਬਾਕੀ ਰਹਿੰਦੀਆਂ ਬਿਜਲੀ ਲਾਈਨਾਂ ਨੂੰ ਵੀ ਜਲਦੀ ਬਦਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਵੀ ਲਗਾਇਆ ਗਿਆ ਹੈ, ਜਿਸ ਨੂੰ ਬਿਜਲੀ ਕੁਨੈਕਸ਼ਨ ਮਿਲਦੇ ਹੀ ਚਾਲੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 24 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਦੇ ਮੁਕੰਮਲ ਹੋਣ ਉਪਰੰਤ ਪਿੰਡ ਵਾਸੀਆਂ ਨੂੰ ਆਪਣੇ ਹੀ ਪਿੰਡ ਵਿੱਚ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਪਿੰਡ ਵਿੱਚ ਲੋਕਾਂ ਦੀ ਸਹੂਲਤ ਲਈ 22 ਬੈਠਣ ਵਾਲੇ ਬੈਂਚ, 44 ਸਟਰੀਟ ਲਾਈਟਾਂ ਅਤੇ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 8 ਰੋਡ ਸੇਫਟੀ ਸ਼ੀਸ਼ੇ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 18 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ ਕਾਰਜ ਵੀ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸਫ਼ਾਈ ਪ੍ਰਬੰਧ ਅਤੇ ਬੁਨਿਆਦੀ ਸਹੂਲਤਾਂ ਵਿੱਚ ਹੋਰ ਸੁਧਾਰ ਆਵੇਗਾ।
ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ, "ਸਾਡਾ ਉਦੇਸ਼ ਹੈ ਕਿ ਚੱਬੇਵਾਲ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਤੋਂ ਵਾਂਝਾ ਨਾ ਰਹੇ। ਸੜਕਾਂ, ਸਿਹਤ, ਪੀਣ ਵਾਲਾ ਪਾਣੀ, ਬਿਜਲੀ ਅਤੇ ਸਫ਼ਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਹਰ ਪਿੰਡ ਤੱਕ ਪਹੁੰਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ।"
ਪਿੰਡ ਵਾਸੀਆਂ ਨੇ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਿੱਚ ਇੱਕੋ ਸਮੇਂ ਕਈ ਵਿਕਾਸ ਪ੍ਰੋਜੈਕਟਾਂ 'ਤੇ ਕੰਮ ਹੋਣ ਕਾਰਨ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਬਾਕੀ ਰਹਿੰਦੇ ਪ੍ਰੋਜੈਕਟ ਵੀ ਜਲਦ ਮੁਕੰਮਲ ਹੋਣਗੇ, ਜਿਸ ਨਾਲ ਹਰਖੋਵਾਲ ਦਾ ਬੁਨਿਆਦੀ ਢਾਂਚਾ ਹੋਰ ਵੀ ਮਜ਼ਬੂਤ ਹੋਵੇਗਾ।