ਐਸ ਏ ਐਸ ਨਗਰ, 26 ਅਗਸਤ- ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਨਿਕਲ ਰਹੀ ਭਾਰਤ ਮਾਲਾ ਸੜਕ ਉੱਤੇ ਲੱਗੇ ਦਿਸ਼ਾ ਸੂਚਕ ਅਤੇ ਨਿਰਦੇਸ਼ਿਤ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਨੂੰ ਥਾਂ ਨਹੀਂ ਦਿੱਤੀ ਗਈ ਹੈ।
ਸੜਕ ਤੇ ਲੱਗੇ ਬੋਰਡ ਦਿਖਾਉਂਦੇ ਹੋਏ ਸ੍ਰੀ ਸ਼ਰਮਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਮੁਹਾਲੀ ਦੇ ਪਿੰਡਾਂ ਦੀਆਂ ਉਪਜਾਊ ਜ਼ਮੀਨਾਂ ਐਕਵਾਇਰ ਕਰਕੇ ਇਹ ਸੜਕ ਬਣਾਈ ਹੈ ਅਤੇ ਇਸ ਉੱਤੇ ਜੋ ਬੋਰਡ ਲੱਗੇ ਹੋਏ ਹਨ ਉਹ ਸਿਰਫ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੇ ਹੋਏ ਹਨ, ਜਦਕਿ ਪਿੰਡਾਂ ਦੇ ਲੋਕ ਹਿੰਦੀ ਤੇ ਅੰਗਰੇਜ਼ੀ ਨਹੀਂ ਜਾਣਦੇ ਅਤੇ ਪੰਜਾਬੀ ਭਾਸ਼ਾ ਆਸਾਨੀ ਨਾਲ ਪੜ੍ਹ ਲੈਂਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਬੋਰਡਾਂ ਤੋਂ ਪੰਜਾਬੀ ਭਾਸ਼ਾ ਦਾ ਨਦਾਰਦ ਹੋਣਾ ਬਹੁਤ ਮਾੜਾ ਹੈ ਕਿਉਂਕਿ ਸਰਕਾਰ ਨੇ ਪੰਜਾਬ ਵਿੱਚ ਹੀ ਮਾਂ ਬੋਲੀ ਪੰਜਾਬੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੰਮ ਕਰਨ ਵਾਲੇ ਭਾਸ਼ਾ ਵਿਭਾਗ ਪੰਜਾਬ ਨੂੰ ਇਸ ਮਾਮਲੇ ਬਿਨਾਂ ਦੇਰੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਭਾਰਤ ਮਾਲਾ ਸੜਕ ਉੱਤੇ ਲੱਗੇ ਬੋਰਡਾਂ ਤੇ ਪੰਜਾਬੀ ਵਿੱਚ ਵੀ ਲਿਖੀ ਜਾਵੇ ਜਾਣਕਾਰੀ - ਮਛਲੀ ਕਲਾਂ
