ਧਾਰੀਵਾਲ:- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪੈਂਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਅੱਜ ਤੜਕਸਾਰ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲ ਰਹੀ ਜਾਣਕਾਰੀ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਲਾਸ਼ਾਂ ਗੱਡੀ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਨੰਬਰ ਦੀ ਇੱਕ ਆਲਟੋ ਕਾਰ ਅੱਜ ਤੜਕੇ ਧਾਰੀਵਾਲ ਪਾਸੇ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਜਦੋਂ ਇਹ ਕਾਰ ਨੌਸ਼ਹਿਰਾ ਮੱਝਾ ਸਿੰਘ ਕੋਲ ਪਹੁੰਚੀ ਤਾਂ ਹਾਈਵੇਅ ’ਤੇ ਕਿਸੇ ਭਾਰੀ ਅਣਪਛਾਤੇ ਵਾਹਨ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ. ਦਲਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਹਾਦਸਾਗ੍ਰਸਤ ਕਾਰ ਤੋਂ ਇਲਾਵਾ ਹੋਰ ਕੋਈ ਵਾਹਨ ਮੌਜੂਦ ਨਹੀਂ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਦੀ ਖ਼ਬਰ ਮਿਲਦੇ ਹੀ ਸੰਬੰਧਿਤ ਥਾਣਾ ਸੇਖਵਾਂ ਦੇ ਅਧੀਨ ਆਉਂਦੀ ਪੁਲੀਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ.ਐੱਸ.ਆਈ. ਬਲਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਵਿੱਚ ਬੁਰੀ ਤਰ੍ਹਾਂ ਫਸੀਆਂ ਚਾਰੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਪੁਲੀਸ ਵੱਲੋਂ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ।
ਨੌਸ਼ਹਿਰਾ ਮੱਝਾ ਸਿੰਘ ਵਿਖੇ ਭਿਆਨਕ ਸੜਕ ਹਾਦਸਾ 4 ਨੌਜਵਾਨਾਂ ਦੀ ਦਰਦਨਾਕ ਮੌਤ
