ਅਬੋਹਰ:- ਅਬੋਹਰ ਵਿੱਚ ਐਤਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਹਨੂੰਮਾਨਗੜ੍ਹ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਉਦੈ (24), ਵਿਸ਼ਾਲ (22) ਅਤੇ ਰਮਨ (22) ਵਜੋਂ ਹੋਈ ਹੈ। ਦੁਖਦਾਈ ਗੱਲ ਇਹ ਹੈ ਕਿ ਉਦੈ ਅਤੇ ਵਿਸ਼ਾਲ ਸਕੇ ਭਰਾ ਸਨ ਅਤੇ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਰਮਨ ਉਨ੍ਹਾਂ ਦੀ ਭੂਆ ਦਾ ਲੜਕਾ ਸੀ। ਇਹ ਸਾਰੇ ਨੌਜਵਾਨ ਕਿੰਨੂਆਂ ਦੇ ਬਾਗ ਦਾ ਠੇਕਾ ਲੈਣ ਦੀ ਡੀਲ ਫਾਈਨਲ ਕਰਕੇ ਵਾਪਸ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ ਸਵਾ 1 ਵਜੇ ਵਾਪਰਿਆ ਜਦੋਂ ਕਾਰ ਪੁਲ ਤੋਂ ਉਤਰਦੇ ਸਮੇਂ ਬਹੁਤ ਜ਼ਿਆਦਾ ਰਫ਼ਤਾਰ ਵਿੱਚ ਸੀ।ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ।
ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ ਜਾਂ ਤੇਜ਼ ਰਫ਼ਤਾਰ ਕਾਰਨ।