ਹਰੋਲੀ/ਊਨਾ, 15 ਮਈ (ਰਾਜਵੀਰ ਚੋਪੜਾ):- ਸਕੂਲੀ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਦਸ਼ਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ, ਤਹਿਸੀਲ ਹਰੋਲੀ ਵਿੱਚ ਹੈੱਡ ਬੌਏ ਅਤੇ ਹੈੱਡ ਗਰਲ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੀ ਸਮਾਜਿਕ ਵਿਗਿਆਨ ਅਧਿਆਪਿਕਾ ਸ਼੍ਰੀਮਤੀ ਰੇਖਾ ਰਾਣੀ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ, ਵੋਟ ਦੇ ਮਹੱਤਵ ਅਤੇ ਲੋਕਤੰਤਰੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਸਕੂਲ ਦੀ ਸਮਾਜਿਕ ਵਿਗਿਆਨ ਪ੍ਰਵਕਤਾ ਨੇ ਦੱਸਿਆ ਕਿ ਦਸਵੀਂ ਕਲਾਸ ਦੇ ਦੋ ਵਿਦਿਆਰਥੀ ਕਰਨਦੀਪ ਸਿੰਘ ਅਤੇ ਇਸ਼ਮੀਤ ਸਿੰਘ ਅਤੇ ਦੋ ਵਿਦਿਆਰਥਣਾਂ ਪਰਮਿੰਦਰ ਕੌਰ ਅਤੇ ਹਰਦੀਪ ਕੌਰ ਨੂੰ ਹੈੱਡ ਬੌਏ ਅਤੇ ਹੈੱਡ ਗਰਲ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ। ਉਮੀਦਵਾਰਾਂ ਨੇ ਭਾਸ਼ਣਾਂ ਰਾਹੀਂ ਆਪਣੇ ਚੋਣ ਨਿਸ਼ਾਨ, ਵਿਚਾਰਾਂ ਅਤੇ ਸਕੂਲ ਪ੍ਰਤੀ ਆਪਣੀਆਂ ਯੋਜਨਾਵਾਂ ਬਾਰੇ ਹੋਰ ਵਿਦਿਆਰਥੀਆਂ ਨਾਲ ਸਾਂਝ ਪਾਈ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਤ ਪੱਤਰ ’ਤੇ ਚੋਣ ਨਿਸ਼ਾਨ ਸਾਹਮਣੇ ਮੋਹਰ ਲਗਾ ਕੇ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਈ ਅਤੇ ਮਤਪੇਟੀ ਵਿੱਚ ਆਪਣਾ ਵੋਟ ਦਰਜ ਕੀਤਾ। ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਗਠਿਤ ਪੋਲਿੰਗ ਟੀਮ ਦੇ ਮੈਂਬਰ ਮੈਡਮ ਰੰਜੀਤਾ ਕੁਮਾਰੀ, ਮੈਡਮ ਗੁਰਜੋਤ ਕੌਰ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਲਾਬ ਸਿੰਘ ਅਤੇ ਅਵਤਾਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਪੂਰੀ ਚੋਣ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਵੋਟਿੰਗ ਸਮਾਪਤ ਹੋਣ ਤੋਂ ਬਾਅਦ ਮਤਪੇਟੀ ਨੂੰ ਸੀਲ ਕਰਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਦਲਵਿੰਦਰ ਕੌਰ ਨੂੰ ਸੌਂਪ ਦਿੱਤਾ ਗਿਆ।
ਪ੍ਰਿੰਸੀਪਲ ਸ਼੍ਰੀਮਤੀ ਦਲਵਿੰਦਰ ਕੌਰ ਦੀ ਹਾਜ਼ਰੀ ਵਿੱਚ ਗੁਰਲਾਬ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਚੋਣ ਨਤੀਜੇ ਐਲਾਨੇ ਗਏ। ਨਤੀਜਿਆਂ ਵਿੱਚ ਵਿਦਿਆਰਥੀ ਵਰਗ ਵਿੱਚ ਕਰਨਦੀਪ ਸਿੰਘ ਨੇ ਇਸ਼ਮੀਤ ਸਿੰਘ ਨੂੰ ਹਰਾਕੇ ਜਿੱਤ ਹਾਸਲ ਕੀਤੀ, ਜਦਕਿ ਵਿਦਿਆਰਥਣਾਂ ਵਿੱਚ ਪਰਮਿੰਦਰ ਕੌਰ ਨੇ ਹਰਦੀਪ ਕੌਰ ਨੂੰ ਹਰਾਇਆ।
ਇਸ ਤਰ੍ਹਾਂ ਸਕੂਲ ਵਿੱਚ ਕਰਨਦੀਪ ਸਿੰਘ ਨੂੰ ਹੈੱਡ ਬੌਏ ਅਤੇ ਪਰਮਿੰਦਰ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਦਲਵਿੰਦਰ ਕੌਰ, ਸਮਾਜਿਕ ਵਿਗਿਆਨ ਪ੍ਰਵਕਤਾ ਸ਼੍ਰੀਮਤੀ ਰੇਖਾ ਰਾਣੀ ਅਤੇ ਸਮੂਹ ਸਕੂਲ ਸਟਾਫ ਨੇ ਜੇਤੂ ਉਮੀਦਵਾਰਾਂ ਕਰਨਦੀਪ ਸਿੰਘ ਅਤੇ ਪਰਮਿੰਦਰ ਕੌਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਨਾਲ ਹੀ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਅੰਤ ਵਿੱਚ ਸਮਾਜਿਕ ਵਿਗਿਆਨ ਪ੍ਰਵਕਤਾ ਸ਼੍ਰੀਮਤੀ ਰੇਖਾ ਰਾਣੀ ਨੇ ਪ੍ਰਿੰਸੀਪਲ, ਸਕੂਲ ਸਟਾਫ ਅਤੇ ਹਾਜ਼ਰ ਵਿਦਿਆਰਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।