ਚੰਡੀਗੜ੍ਹ, 3 ਜੁਲਾਈ:- ਹਰਿਆਣਾ ਨੂੰ 'ਵਿਜ਼ਨ-2047' ਦੇ ਅਨੁਸਾਰ ਖੇਤੀਬਾੜੀ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨੂੰ ਲੈ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿਖੇ ਖੇਤੀਬਾੜੀ ਵਿਭਾਗ ਦੇ ਆਉਣ ਵਾਲੇ ਪੰਜ ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਜੋੜ ਕੇ, ਲਾਗਤ ਘਟਾ ਕੇ ਅਤੇ ਬਿਹਤਰ ਬਾਜ਼ਾਰ ਉਪਲਬਧ ਕਰਵਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾਵੇ।
ਮੁੱਖ ਮੰਤਰੀ ਨੇ ਵਿਭਾਗ ਨਾਲ ਸਬੰਧਤ ਮੁੱਖ ਮੰਤਰੀ ਦੇ ਐਲਾਨਾਂ, ਬਜਟ ਐਲਾਨਾਂ ਅਤੇ ਸੰਕਲਪ ਪੱਤਰ ਵਿੱਚ ਸ਼ਾਮਲ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 'ਵਿਜ਼ਨ-2047' ਦੇ ਟੀਚਿਆਂ ਨੂੰ ਤੈਅ ਸਮਾਂ ਸੀਮਾ ਵਿੱਚ ਜ਼ਮੀਨੀ ਪੱਧਰ 'ਤੇ ਉਤਾਰਿਆ ਜਾਵੇ, ਤਾਂ ਜੋ ਹਰ ਕਿਸਾਨ ਤੱਕ ਯੋਜਨਾਵਾਂ ਦਾ ਲਾਭ ਪਹੁੰਚੇ ਅਤੇ ਖੇਤੀ ਵਧੇਰੇ ਲਾਭਕਾਰੀ ਬਣ ਸਕੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰਾ ਕੁਮਾਰ, ਭਵਿੱਖ ਵਿਭਾਗ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਪੀ. ਅਮਨੀਤ ਕੁਮਾਰ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਨਰਲ ਰਾਜ ਨਰਾਇਣ ਕੌਸ਼ਿਕ, ਮੁੱਖ ਮੰਤਰੀ ਦੇ ਓ.ਐਸ.ਡੀ. ਅਤੇ ਸਵਰਨ ਜਯੰਤੀ ਹਰਿਆਣਾ ਰਾਜਕੋਸ਼ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਵੀਰੇਂਦਰ ਬੜਖਾਲਸਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਸੇਮ ਪ੍ਰਭਾਵਿਤ ਜ਼ਮੀਨ ਨੂੰ ਸੇਮ-ਮੁਕਤ ਬਣਾਉਣ ਦੀ ਮੁਹਿੰਮ ਦੀ ਸਮੀਖਿਆ ਵੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ 1.40 ਲੱਖ ਏਕੜ ਜ਼ਮੀਨ ਨੂੰ ਸੇਮ-ਮੁਕਤ ਕਰਨ ਦਾ ਟੀਚਾ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਭਵਿੱਖ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਨਾ ਹੋਵੇ, ਇਸ ਲਈ ਹੁਣੇ ਤੋਂ ਵਿਗਿਆਨਕ ਯੋਜਨਾ ਤਿਆਰ ਕੀਤੀ ਜਾਵੇ ਅਤੇ ਸੈਟੇਲਾਈਟ ਰਾਹੀਂ ਨਿਯਮਤ ਨਿਗਰਾਨੀ ਦੀ ਵਿਵਸਥਾ ਵਿਕਸਤ ਕੀਤੀ ਜਾਵੇ।
ਸੁਆਇਲ ਹੈਲਥ ਕਾਰਡ ਯੋਜਨਾ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 15 ਲੱਖ ਸੁਆਇਲ ਹੈਲਥ ਕਾਰਡ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਹਿਲੇ ਪੜਾਅ ਵਿੱਚ 3.75 ਲੱਖ ਮਿੱਟੀ ਦੇ ਨਮੂਨੇ ਲਏ ਜਾਣੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 50,620 ਨਮੂਨੇ ਇਕੱਠੇ ਕੀਤੇ ਜਾ ਚੁੱਕੇ ਹਨ। ਬਾਕੀ ਟੀਚਾ ਜੁਲਾਈ ਤੱਕ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਮੁਹਿੰਮ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਕਾਲਜ ਦੇ ਵਿਦਿਆਰਥੀਆਂ ਅਤੇ ਪੇਂਡੂ ਨੌਜਵਾਨਾਂ ਨੂੰ ਵਲੰਟੀਅਰ ਵਜੋਂ ਜੋੜਿਆ ਜਾਵੇ, ਤਾਂ ਜੋ ਉਹ ਮਿੱਟੀ ਦੀ ਜਾਂਚ ਦੀ ਪ੍ਰਕਿਰਿਆ ਨੂੰ ਸਮਝ ਸਕਣ ਅਤੇ ਖੇਤੀਬਾੜੀ ਪ੍ਰਤੀ ਉਨ੍ਹਾਂ ਦੀ ਰੁਚੀ ਵੀ ਵਧੇ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਯੂਰੀਆ ਦੀ ਖਪਤ ਜ਼ਿਆਦਾ ਹੈ, ਉੱਥੇ ਮਿੱਟੀ ਦੀ ਜਾਂਚ ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਅਸਲ ਵਿੱਚ ਨਾਈਟ੍ਰੋਜਨ ਦੀ ਕਮੀ ਹੈ ਜਾਂ ਕਿਸਾਨ ਲੋੜ ਤੋਂ ਵੱਧ ਯੂਰੀਆ ਦੀ ਵਰਤੋਂ ਕਰ ਰਹੇ ਹਨ। ਇਸ ਦੇ ਆਧਾਰ 'ਤੇ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੀ ਰਣਨੀਤੀ ਤਿਆਰ ਕੀਤੀ ਜਾਵੇ।
ਮੀਟਿੰਗ ਵਿੱਚ ਕੁਦਰਤੀ ਖੇਤੀ ਅਤੇ ਜੈਵਿਕ (ਆਰਗੈਨਿਕ) ਖੇਤੀ ਨੂੰ ਉਤਸ਼ਾਹਿਤ ਕਰਨ 'ਤੇ ਵੀ ਵਿਸਥਾਰ ਨਾਲ ਚਰਚਾ ਹੋਈ। ਅਧਿਕਾਰੀਆਂ ਨੇ ਦੱਸਿਆ ਕਿ 10 ਜ਼ਿਲ੍ਹਿਆਂ ਵਿੱਚ ਕੁਦਰਤੀ ਅਤੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ। ਹਿਸਾਰ ਅਤੇ ਗੁਰੂਗ੍ਰਾਮ ਵਿੱਚ ਵੱਖਰੀਆਂ ਮੰਡੀਆਂ ਸਥਾਪਤ ਕੀਤੀਆਂ ਜਾਣਗੀਆਂ, ਜਦੋਂ ਕਿ ਬਾਕੀ ਅੱਠ ਮੰਡੀਆਂ ਵਿੱਚ ਇਨ੍ਹਾਂ ਲਈ ਵੱਖਰੀ ਜਗ੍ਹਾ ਨਿਰਧਾਰਤ ਕੀਤੀ ਜਾਵੇਗੀ। ਕਿਸਾਨਾਂ ਦੀਆਂ ਫਸਲਾਂ ਦੇ ਪ੍ਰਮਾਣੀਕਰਨ ਦੀ ਵਿਵਸਥਾ ਨੂੰ ਵੀ ਹੋਰ ਮਜ਼ਬੂਤ ਕਰਨ 'ਤੇ ਚਰਚਾ ਹੋਈ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਕੁਦਰਤੀ ਅਤੇ ਜੈਵਿਕ ਖੇਤੀ ਤੋਂ ਤਿਆਰ ਫਸਲਾਂ ਦੀ ਖਰੀਦ ਲਈ ਮੰਡੀਆਂ ਵਿੱਚ ਵੱਖਰੇ ਰਜਿਸਟਰ ਦੀ ਵਿਵਸਥਾ ਕੀਤੀ ਜਾਵੇ ਅਤੇ ਹੈਫੇਡ ਰਾਹੀਂ ਇਨ੍ਹਾਂ ਦੀ ਮਾਰਕੀਟਿੰਗ, ਵੇਚ ਅਤੇ ਖਰੀਦ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇ।
ਮੀਟਿੰਗ ਵਿੱਚ ਡੀ.ਐਸ.ਆਰ. (ਡਾਇਰੈਕਟ ਸੀਡਿਡ ਰਾਈਸ - ਸਿੱਧੀ ਬਿਜਾਈ) ਤਕਨੀਕ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਮਿਲਣ ਵਾਲੀ ਪ੍ਰੋਤਸਾਹਨ ਰਾਸ਼ੀ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਤਕਨੀਕ ਨਾਲ ਜੋੜਨ 'ਤੇ ਵੀ ਚਰਚਾ ਹੋਈ। ਮੁੱਖ ਮੰਤਰੀ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜਾਗਰੂਕਤਾ ਅਤੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਰਾਹੀਂ ਸਿਫਰ (ਜ਼ੀਰੋ) ਕਰਨ ਦਾ ਟੀਚਾ ਤੈਅ ਕਰਦਿਆਂ ਵਿਸ਼ੇਸ਼ ਤੌਰ 'ਤੇ ਪੰਜਾਬ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਰੀਪਰ ਸਮੇਤ ਹੋਰ ਲੋੜੀਂਦੀ ਖੇਤੀਬਾੜੀ ਮਸ਼ੀਨਰੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।
ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 'ਮੇਰਾ ਪਾਣੀ-ਮੇਰੀ ਵਿਰਾਸਤ' ਯੋਜਨਾ ਅਤੇ ਡ੍ਰਿੱਪ ਸਿੰਚਾਈ ਨੂੰ ਲੈ ਕੇ ਵੀ ਰਣਨੀਤੀ 'ਤੇ ਚਰਚਾ ਹੋਈ। ਮੁੱਖ ਮੰਤਰੀ ਨੇ ਕਪਾਹ ਉਤਪਾਦਕ ਖੇਤਰਾਂ ਵਿੱਚ ਆਧੁਨਿਕ ਚੁਗਾਈ ਮਸ਼ੀਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਅਗਸਤ ਮਹੀਨੇ ਵਿੱਚ ਹਿਸਾਰ ਵਿੱਚ ਵਿਸ਼ੇਸ਼ ਖੇਤੀਬਾੜੀ ਮੇਲੇ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਜ਼ਨ-2047 ਦਾ ਟੀਚਾ ਸਿਰਫ਼ ਖੇਤੀ ਉਤਪਾਦਨ ਵਧਾਉਣਾ ਨਹੀਂ, ਸਗੋਂ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਖੇਤੀ ਨੂੰ ਭਵਿੱਖ ਦੇ ਅਨੁਸਾਰ ਬਣਾਉਣਾ ਹੈ। ਇਸ ਲਈ ਕਿਸਾਨਾਂ ਨੂੰ ਦਾਲਾਂ, ਬਾਗਬਾਨੀ ਅਤੇ ਹੋਰ ਲਾਭਕਾਰੀ ਫਸਲਾਂ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾਵੇ, ਕੁਦਰਤੀ ਸਰੋਤਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਆਧੁਨਿਕ ਤਕਨੀਕਾਂ ਨੂੰ ਖੇਤ ਤੱਕ ਪਹੁੰਚਾਇਆ ਜਾਵੇ, ਤਾਂ ਜੋ ਸੂਬੇ ਦਾ ਕਿਸਾਨ ਆਰਥਿਕ ਤੌਰ 'ਤੇ ਹੋਰ ਵੀ ਖੁਸ਼ਹਾਲ ਹੋ ਸਕੇ।
ਹਰਿਆਣਾ ਵਿਜ਼ਨ2047 ਕਿਸਾਨਾਂ ਦੀ ਆਮਦਨ ਵਧਾਉਣ ਲਈ ਆਧੁਨਿਕ ਅਤੇ ਟਿਕਾਊ ਖੇਤੀ ਤੇ ਸਰਕਾਰ ਦਾ ਫੋਕਸ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ 5 ਸਾਲਾ ਰੋਡਮੈਪ ਦੀ ਸਮੀਖਿਆ ਕੀਤੀ
