ਚੰਡੀਗੜ੍ਹ, 22 ਅਕਤੂਬਰ:- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (NACO) ਦੇ ਤਹਿਤ ਕੰਮ ਕਰ ਰਹੀ ਹਰਿਆਣਾ ਰਾਜ ਏਡਜ਼ ਕੰਟਰੋਲ ਕਮੇਟੀ (HSACS) ਵੱਲੋਂ ਸੂਬੇ ਵਿੱਚ 'ਕੇਅਰ ਸਪੋਰਟ ਸਰਵਿਸਿਜ਼' ਦੇ ਲਾਗੂਕਰਨ ਲਈ ਰਜਿਸਟਰਡ ਗੈਰ-ਸਰਕਾਰੀ ਸੰਗਠਨਾਂ (NGOs) ਅਤੇ ਕਮਿਊਨਿਟੀ ਬੇਸਡ ਆਰਗੇਨਾਈਜ਼ੇਸ਼ਨਾਂ (CBOs) ਦੀ ਵੀ ਮਦਦ ਲਈ ਜਾਵੇਗੀ।

ਇਹ ਪਹਿਲ ਡੋਮੈਸਟਿਕ ਬਜਟ ਗ੍ਰਾਂਟ ਤਹਿਤ ਰਾਸ਼ਟਰੀ ਏਡਜ਼ ਅਤੇ ਐੱਸਟੀਡੀ ਕੰਟਰੋਲ ਪ੍ਰੋਗਰਾਮ (NACP) ਦੇ ਅਧੀਨ ਭਾਈਚਾਰਾ-ਆਧਾਰਿਤ ਦਖ਼ਲਅੰਦਾਜ਼ੀ ਵਜੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਐੱਚਆਈਵੀ ਤੋਂ ਪੀੜਤ ਵਿਅਕਤੀਆਂ (PLHIV) ਨੂੰ ਆਊਟਰੀਚ ਸੇਵਾਵਾਂ ਅਤੇ ਇਲਾਜ ਦੀ ਨਿਰੰਤਰਤਾ ਲਈ ਸਹਾਇਤਾ ਪ੍ਰਦਾਨ ਕਰਨਾ ਹੈ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਯੋਜਨਾ ਸੂਬੇ ਦੇ ਦੋ ਪ੍ਰਮੁੱਖ ਕਲੱਸਟਰਾਂ ਵਿੱਚ ਲਾਗੂ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਫਰੀਦਾਬਾਦ ਕਲੱਸਟਰ (ਫਰੀਦਾਬਾਦ, ਮਹਿੰਦਰਗੜ੍ਹ, ਗੁਰੂਗ੍ਰਾਮ, ਨੂਹ, ਰੇਵਾੜੀ ਅਤੇ ਪਲਵਲ ਜ਼ਿਲ੍ਹੇ) ਅਤੇ ਕੁਰੂਕਸ਼ੇਤਰ ਕਲੱਸਟਰ (ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਕੈਥਲ ਅਤੇ ਸੋਨੀਪਤ ਜ਼ਿਲ੍ਹੇ) ਸ਼ਾਮਲ ਹਨ। ਚੋਣ ਤੋਂ ਬਾਅਦ ਸਬੰਧਤ ਸੰਸਥਾਵਾਂ ਨੂੰ ਇਲਾਜ ਵਿੱਚ ਵਿਘਨ ਪੈਣ ਵਾਲੇ ਮਰੀਜ਼ਾਂ ਦੀ ਪਛਾਣ ਅਤੇ ਟਰੈਕਿੰਗ, ਨਵੇਂ ਪਛਾਣੇ ਗਏ ਮਰੀਜ਼ਾਂ ਨੂੰ ਪਹਿਲੇ ਵਾਇਰਲ ਲੋਡ ਟੈਸਟ ਤੱਕ ਟਰੈਕ ਕਰਨ ਅਤੇ ਆਊਟਰੀਚ ਸੇਵਾਵਾਂ ਪ੍ਰਦਾਨ ਕਰਨ, ਨਿਰਧਾਰਤ ਵਾਇਰਲ ਲੋਡ ਟੈਸਟਾਂ ਦੀ ਟਰੈਕਿੰਗ, ਵਾਇਰਲ ਲੋਡ ਵੱਧ ਹੋਣ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ, ਐੱਚਆਈਵੀ ਪਾਜ਼ਿਟਿਵ ਗਰਭਵਤੀ ਔਰਤਾਂ ਅਤੇ ਉਨ੍ਹਾਂ ਤੋਂ ਜਨਮੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਯੋਗ ਮਰੀਜ਼ਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣਗੀਆਂ।

ਬੁਲਾਰੇ ਨੇ ਦੱਸਿਆ ਕਿ ਉਕਤ ਕਾਰਜ ਲਈ ਐਨਜੀਓਜ਼/ਸੀਬੀਓਜ਼ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਅਤੇ ਯੋਗ ਸੰਸਥਾਵਾਂ ਆਪਣੇ ਸਾਰੇ ਲੋੜੀਂਦੇ ਸਵੈ-ਪ੍ਰਮਾਣਿਤ ਦਸਤਾਵੇਜ਼ਾਂ (PDF ਫਾਰਮੈਟ) ਸਮੇਤ ਅਰਜ਼ੀ ਦੀ ਹਾਰਡ ਕਾਪੀ ਅਤੇ ਸਾਫਟ ਕਾਪੀ ਈ-ਮੇਲ [email protected] ਅਤੇ [email protected] 'ਤੇ 20 ਨਵੰਬਰ 2026 ਨੂੰ ਸ਼ਾਮ 5:00 ਵਜੇ ਤੱਕ ਜਮ੍ਹਾਂ ਕਰਵਾ ਸਕਦੀਆਂ ਹਨ। ਅਰਜ਼ੀ ਲਈ ਯੋਗਤਾ ਮਾਪਦੰਡ, ਦਿਸ਼ਾ-ਨਿਰਦੇਸ਼ ਅਤੇ ਲੈਟਰ ਆਫ਼ ਇੰਟੈਂਟ ਦਾ ਨਮੂਨਾ ਅਧਿਕਾਰਤ ਵੈੱਬਸਾਈਟਾਂ haryanahealth.gov.in ਅਤੇ haryanasacs.in 'ਤੇ ਉਪਲਬਧ ਹਨ।