ਭਵਾਨੀਗੜ੍ਹ- ਕੈਨੇਡਾ ਨਿਵਾਸੀ ਜਗਮਨ ਸਮਰਾ ਵੱਲੋਂ ਹਾਲ ਹੀ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਕਥਿਤ ਅਸ਼ਲੀਲ ਵੀਡੀਓ ਜਾਰੀ ਕਰਨ ਤੋਂ ਬਾਅਦ ਸੂਬੇ ਵਿੱਚ ਰਾਜਨੀਤਿਕ ਭੂਚਾਲ ਵਰਗੀ ਸਥਿਤੀ ਬਣੀ ਹੋਈ ਹੈ। ਇਸ ਵੀਡੀਓ ਦੀ ਉੱਚ ਪੱਧਰੀ ਫੋਰੈਂਸਿਕ ਜਾਂਚ ਦੀ ਮੰਗ ਜ਼ੋਰਾਂ ‘ਤੇ ਹੈ ਤਾਂ ਜੋ ਸੱਚਾਈ ਪੰਜਾਬ ਦੇ ਲੋਕਾਂ ਅੱਗੇ ਆ ਸਕੇ। ਇਸ ਮਾਮਲੇ ‘ਤੇ ਸਪਸ਼ਟ ਸਪਸ਼ਟੀਕਰਣ ਦੇਣ ਦੀ ਬਜਾਏ  ਸਰਕਾਰ ਗੈਰ-ਲੋਕਤੰਤਰਿਕ, ਘਟੀਆ, ਅਨੈਤਿਕ ਅਤੇ ਗੈਰ-ਸੰਵਿਧਾਨਿਕ ਹਥਕੰਡਿਆਂ ‘ਤੇ ਉਤਰ ਆਈ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਪਾਰ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਲੋਕ ਰਾਜ ਦੀਆਂ ਧੱਜੀਆਂ ਉਡਾਉਂਦਿਆਂ, ਸਿਰਫ਼ ਜਗਮਨ ਸਮਰਾ ਦਾ ਪਿੰਡ ਫੱਗੂਵਾਲਾ ਹੋਣ ਕਰਕੇ, ਜਗਮਨ ਸਮਰਾ ਦੇ ਨੇੜਲੇ ਪਰਿਵਾਰਾਂ ਨੂੰ ਪੁਲਿਸ ਬਲ ਜਰੀਏ ਟਾਰਗੇਟ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੂਣਕ ਥਾਣੇ ਵਿੱਚ ਦਰਜ ਪੁਰਾਣੇ ਕੇਸ ਵਿੱਚ ਜਗਮਨ ਸਮਰਾ ਦੇ ਨੇੜਲੇ ਪਰਿਵਾਰਾਂ ਦੇ  ਮੋਹਤਵਰ ਅਤੇ ਸਤਿਕਾਰਯੋਗ ਪਰਿਵਾਰ ਦੇ ਮੈਂਬਰਾਂ ਸਰਦਾਰ ਰਵੀਇੰਦਰ ਸਿੰਘ (ਰੋਵੀ) ਘੁਮਾਣ, ਰੁਪਿੰਦਰ ਸਿੰਘ ਰੋਮੀ, ਅਤੇ ਜਸਵਿੰਦਰ ਸਿੰਘ ਜੱਸੀ  ਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਕਰਨਾ ਭਗਵੰਤ ਮਾਨ ਦੀ ਗੈਰ-ਇਖਲਾਕੀ ਬੁਖਲਾਹਟ ਦੀ ਹੱਦ ਦਰਸਾਉਂਦਾ ਹੈ।
ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਇਸ ਜਬਰ ਅਤੇ ਰਾਜਨੀਤਿਕ ਬਦਲੇ ਦੀ ਕਾਰਵਾਈ ਦੇ ਖ਼ਿਲਾਫ ਪੀੜਤ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।
ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ, ਅਧਿਕਾਰੀ ਸਰਕਾਰ ਦੀ ਕਠਪੁਤਲੀ ਬਣਨ ਦੀ ਬਜਾਏ ਆਪਣੇ ਸੰਵਿਧਾਨਕ ਫਰਜ਼ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਹਾਲੇ ਤੱਕ ਕਥਿਤ ਵੀਡਿਓ ਦੀ ਫੋਰੇਂਸਿਕ ਜਾਂਚ ਤੱਕ ਨਹੀਂ ਹੋ ਪਾਈ, ਜਿਹੜੀ ਕਿਸੇ ਵੀ ਦਾਅਵੇ ਦੀ ਭਰੋਸੇਯੋਗਤਾ ਨੂੰ ਪੇਸ਼ ਕਰਦੀ ਹੋਵੇ। ਓਹਨਾਂ ਜਿਲ੍ਹਾ ਪੁਲਿਸ ਮੁਖੀ ਨੂੰ ਬਕਾਇਦਾ ਅਪੀਲ ਕੀਤੀ ਕਿ, ਕੋਈ ਵੀ ਕਾਨੂੰਨ ਅਜਿਹੀ ਇਜ਼ਾਜਤ ਨਹੀਂ ਦਿੰਦਾ, ਕਿ ਕਿਸੇ ਨੂੰ ਬਗੈਰ ਕਿਸੇ  ਜੁਰਮ ਦੇ ਤੰਗ ਪ੍ਰੇਸ਼ਾਨ ਕੀਤਾ ਜਾਵੇ