ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿੱਚ ਪੈਂਦੇ ਮਹੱਲਾ ਪ੍ਰੀਤ ਨਗਰ ਦੇ ਸਰਕਾਰੀ ਐਲੀਮੈਂਟਰੀ  ਸਕੂਲ ਆਫ ਹੈਪੀਨੈਸ ਵਿੱਖੇ  ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਯੂਕੇ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਵੈਸਾਖੀ ਦਾ ਤਿਉਹਾਰ ਮਨਾਉਣ ਲਈ ਸਮਾਗਮ ਕਰਵਾਇਆ ਗਿਆ ।
 ਪਿੰਡ ਅੱਜੋਵਾਲ ਦਾ  ਇਹ ਮੁਹੱਲਾ   ਝੁੱਗੀ ਝੌਂਪੜੀ ਵਾਲਾ ਇਲਾਕਾ ਹੈ ਅਤੇ ਬਹੁਤਾਤ ਵਿੱਚ ਸਿੱਗਲੀਗਰ ਭਾਈਚਾਰੇ ਦੀ ਵੱਡੀ ਆਬਾਦੀ ਇਸ ਇਲਾਕੇ ਵਿੱਚ ਵੱਸਦੀ ਹੈ ਅਤੇ ਜ਼ਿਆਦਾ ਪ੍ਰੀਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਰਾ ਕਰਦੇ ਹਨ।
 ਇਸ ਇਲਾਕੇ ਦੇ ਲੋਕ ਪੜ੍ਹਾਈ ਪ੍ਰਤੀ ਜਾਗਰੂਕ ਨਹੀਂ ਸਨ ਅਤੇ ਖੁਦ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰ ਰਹੇ ਸੀ ਅਤੇ ਇਹਨਾਂ ਦੇ ਬੱਚੇ ਵੀ ਪੀੜੀ ਦਰ ਪੀੜੀ ਇਸੇ ਤਰਾਂ ਦਿਹਾੜੀ ਮਜਦੂਰੀ ਦਾ ਕੰਮ ਕਰਦੇ ਹੀ ਆ ਰਹੇ ਸਨ ਜਿਸ ਕਾਰਨ ਇਹ ਦਾ ਜੀਵਨ  ਆਰਥਿਕ ਤੰਗੀਆਂ ਦੀ ਗੁੰਝਲ ਵਿੱਚ ਰਹਿੰਦੇ ਹਨ ।।
ਪਰ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ  ਵੱਲੋਂ ਪ੍ਰੀਤ ਨਗਰ ਮੁਹੱਲੇ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੂੰ  ਗੋਦ ਵਿੱਚ ਲੈਣ ਉਪਰੰਤ ਸਕੂਲ ਦੇ ਸਟਾਫ ਨਾਲ ਤਾਲਮੇਲ ਕਾਇਮ ਕਰਕੇ ਸਕੂਲ ਵਿੱਚ ਇਮਾਰਤ ਨੂੰ ਆਕਰਸ਼ਿਤ ਅਤੇ ਮਾਡਰਨ ਬਣਾਉਣ ਦੇ ਲਈ ਜਿੱਥੇ ਉਪਰਾਲੇ ਕੀਤੇ ਉਥੇ ਹੀ ਘਰ ਘਰ ਜਾ ਕੇ ਬੱਚਿਆਂ ਨੂੰ ਪੜ੍ਹਨ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀਆਂ ਦਿੰਦਿਆ ਟਰਸਟ ਦੇ ਪ੍ਰਧਾਨ ਪ੍ਰੋਫੈਸਰ ਬਹਾਦੁਰ ਸਿੰਘ ਸੁਨੇਤ ਨੇ ਦੱਸਿਆ  ਇਸ ਇਲਾਕੇ ਵਿੱਚ ਵਿੱਦਿਆ ਦੀ ਮਹੱਤਤਾ ਸਬੰਧੀ ਜਾਗਰੂਕਤਾ ਸਬੰਧੀ ਅਤੇ ਇਨ੍ਹਾਂ ਪਰਿਵਾਰਾਂ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤਾਂ ਕਿ ਇਹ ਲੋਕ ਪੜ੍ਹ ਲਿਖ ਕੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕਣ ।
 ਇਸੇ ਲੜੀ ਤਹਿਤ ਅੱਜ ਸਰਕਾਰੀ ਐਲੀਮੈਂਟਰੀ  ਸਕੂਲ ਆਫ ਹੈਪੀਨੈਸ ਪ੍ਰੀਤ ਨਗਰ ਵਿਖੇ ਪਹੁੰਚ 
ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੇ  ਅਹੁਦੇਦਾਰਾਂ ਅਤੇ  ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ  ਬੱਚਿਆਂ ਨਾਲ ਵੈਸਾਖੀ ਦਾ ਤਿਉਹਾਰ ਮਨਾਇਆ ਗਿਆ ਅਤੇ ਖੂਸ਼ੀਆਂ ਸਾਂਝੀਆਂ ਕੀਤੀਆਂ  ਗਈਆਂ ।
ਇਸ ਮੌਕੇ ਬੱਚਿਆਂ  ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ  ਬੱਚਿਆਂ ਨੂੰ ਮਿਠਾਈ ਵੀ ਵੰਡੀ ਗਈ । 
ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਪਰਵੀਨ ਕੁਮਾਰ ਨੇ ਦੱਸਿਆ ਇਹ ਸਕੂਲ ਹੁਣ ਪੰਜਾਬ ਦੇ ਮੋਹਰੀ ਸਕੂਲਾਂ ਵਿੱਚ ਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਸਕੂਲ ਆਫ ਹੈਪੀਨੈਸ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਪੜਾਈ ਕਰਵੀ ਜਾਵੇਗੀ ਉਨ੍ਹਾਂ ਦੱਸਿਆ ਕਿ ਸਰਕਾਰ ਇਸ ਫੈਸਲੇ ਨਾਲ  ਬੱਚਿਆਂ ਅਤੇ  ਉਨ੍ਹਾਂ ਦੇ  ਮਾਪਿਆਂ ਅਤੇ ਇਲਾਕੇ ਵਿੱਚ ਖੁਸ਼ੀ  ਦਾ ਮਹੋਲ ਹੈ । ਉਨ੍ਹਾਂ ਨੇ  ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਇਨ੍ਹਾਂ  ਲੋਕਾਂ ਦੇ ਬੱਚਿਆਂ ਨੂੰ ਵਿਦਿਆ ਦੇ ਖੇਤਰ ਅੱਗੇ ਤੋਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ  ।
ਟਰਸਟ ਦੇ ਚੇਅਰਮੈਨ ਇਗਲੈਂਡ ਨਿਵਾਸੀ ਸਰਦਾਰ ਰਣਜੀਤ ਸਿੰਘ ਅਤੇ  ਪ੍ਰਬੰਧਕ ਟਰਸਟੀ ਸ਼੍ਰੀ ਜੇ  ਐਸ ਆਹਲੂਵਾਲੀਆ  , ਗੁਰਪ੍ਰੀਤ  ਸਿੰਘ , ਪ੍ਰਿੰਸੀਪਲ ਰਚਨਾ ਕੌਰ, ਜਤਿੰਦਰ ਕੌਰ, ਓਂਕਾਰ ਸਿੰਘ ਖਾਲਸਾ, ਐਡਵੋਕੇਟ ਜਸਪਾਲ ਸਿੰਘ, ਵਲੋਂ  ਆਪਣੇ ਸੰਦੇਸ਼ ਰਾਹੀਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੈਸਾਖੀ ਦੇ  ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਵਿਦਿਆ ਗ੍ਰਹਿਣ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਅਤੇ  ਟਰਸਟ ਹਮੇਸ਼ਾ ਹੀ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਹੇਗਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਰਵੀਨ ਕੁਮਾਰ ਵੱਲੋਂ ਟਰਸਟ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਡਾ ਸਕੂਲ ਪੰਜਾਬ ਦੇ ਅਵੱਲ ਦਰਜੇ ਦੇ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਟਰਸਟ ਵੱਲੋਂ ਦਿਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
 ਇਸ ਮੌਕੇ ਤੇ ਪਿੰਡ ਦੀ ਸਰਪੰਚ ਸ਼੍ਰੀ ਮਤੀ ਆਰਤੀ, ਸ਼੍ਰੀ  ਸੰਦੀਪ ਸਿੰਘ ਬੱਬੂ ਪ੍ਰਧਾਨ, ਪਿੰਡ ਦੇ ਪੰਚ ਸਮੂਹ ਸਕੂਲ ਸਟਾਫ ਸਮੇਤ ਬੱਚਿਆਂ ਦੇ ਮਾਪੇ ਵੀ ਹਾਜਿਰ ਸਨ ।