ਗੜਸ਼ੰਕਰ,12 ਮਾਰਚ- ਸੁਪਰੀਮ ਕੋਰਟ ਵਲੋਂ 1 ਸਤੰਬਰ 2025 ਦੇ ਦਿੱਤੇ ਫੈਸਲੇ ਤਹਿਤ 2010 ਤੋਂ ਪਹਿਲਾਂ ਦੇ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਲਈ ਅਤੇ ਪ੍ਰੋਮੋਸ਼ਨ ਲਈ ਟੈੱਟ ਦੀ ਜਬਰੀ ਠੋਸੀ ਸ਼ਰਤ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ  ਅਨੰਦਪੁਰ ਸਾਹਿਬ ਰੈਲੀ ਤੋਂ ਬਾਅਦ ਸਿੱਖਿਆ ਮੰਤਰੀ ਨਾਲ ਹੋਈ ਗੱਲਬਾਤ ਦੌਰਾਨ ਅਧਿਆਪਕ ਜਥੇਬੰਦੀਆਂ ਨੂੰ ਠੋਸ ਭਰੋਸਾ ਨਾ ਦੇਣ 'ਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਸੱਦੇ ਤਹਿਤ ਅੱਜ ਗੜਸ਼ੰਕਰ ਦੇ ਅਧਿਆਪਕਾਂ ਵੱਲੋਂ ਡੀਟੀਐਫ ਆਗੂ ਸੁਖਦੇਵ ਡਾਨਸੀਵਾਲ, ਵਿਨੇ ਕੁਮਾਰ,ਕਰਨੈਲ ਸਿੰਘ ਖਾਨਪੁਰ ਅਤੇ ਸਤਪਾਲ ਸਿੰਘ ਦੀ ਅਗਵਾਹੀ ਹੇਠ ਵੱਡੀ ਗਿਣਤੀ ਵਿੱਚ ਅਧਿਆਪਕ ਚੰਡੀਗੜ੍ਹ ਲਈ ਰਵਾਨਾ ਹੋਏ।
          ਇਸ ਸਮੇਂ ਵਖ ਵਖ ਅਧਿਆਪਕ ਆਗੂਆਂ ਮੁਕੇਸ਼ ਕੁਮਾਰ,ਸੋਮ ਨਾਥ,ਚੰਦਰ ਸ਼ੇਖਰ,ਭੁਪਿੰਦਰ ਸਿੰਘ, ਬਲਜੀਤ ਸਿੰਘ ਬੋੜਾ,ਅਸ਼ਵਨੀ ਕੁਮਾਰ ਰਾਣਾ, ਜਗਦੀਪ  ਕੁਮਾਰ ਅਤੇ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਮਹੀਨੇ 22 ਤਰੀਕ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਸ ਜਬਰੀ ਠੋਸੇ ਟੈਟ ਦੇ ਖਿਲਾਫ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ ਜਿਸ 'ਤੇ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਕੀਤੀ ਗਈ ਪਰ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਕੋਈ ਖਾਸ ਭਰੋਸਾ ਨਹੀਂ ਦਿੱਤਾ ਗਿਆ ਜਿਸ ਕਰਕੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਿਆ।
          ਅਧਿਆਪਕ ਆਗੂਆਂ  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੰਜਾਬ ਵਿਧਾਨ ਸਭਾ ਦੇ ਚਲ ਰਹੇ  ਸੈਸ਼ਨ ਵਿਚ ਜਬਰੀ ਥੋਪੇ ਟੈੱਟ ਵਿਰੁੱਧ ਬਿੱਲ / ਮਤਾ ਪਾਸ ਕਰਕੇ ਇਸ ਕੁਦਰਤੀ ਨਿਆਂ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ।
          ਇਸ ਸਮੇਂ ਜਸਵੀਰ ਸਿੰਘ,ਜਸਵਿੰਦਰ ਸਿੰਘ,ਰਮੇਸ਼ ਮਲਕੋਵਾਲ,ਸੰਜੀਵ ਕੁਮਾਰ,ਇਕਬਾਲ ਸਿੰਘ,ਸੰਦੀਪ ਸਿੰਘ,ਨਰਿੰਦਰ ਸਿੰਘ,ਸੰਦੀਪ ਕੁਮਾਰ ਅਤੇ  ਬਲਵਿੰਦਰ ਸਿੰਘ ਆਦਿ ਹਾਜ਼ਰ ਸਨ I