ਪਟਿਆਲਾ:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਾਇਰ ਹਰੀਸ਼ ਹਰਫ਼ ਦੀ ਧਾਰਮਿਕ ਕਾਵਿ ਪੁਸਤਕ ‘ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ’ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਹਰੀਸ਼ ਹਰਫ਼ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਮੰਚ ਸੰਚਾਲਕ ਵੱਲੋਂ ਹੀ ਪੁਸਤਕ ਸੰਬੰਧੀ ਬਲਬੀਰ ਜਲਾਲਾਬਾਦੀ ਦਾ ਲਿਖਿਆ ਪੇਪਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੜ੍ਹਿਆ ਗਿਆ। 
ਮੁੱਖ ਮਹਿਮਾਨ ਵਜੋਂ ਬੋਲਦਿਆਂ ਉੱਘੇ ਸ਼ਾਇਰ ਤੇ ਗੀਤਕਾਰ ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਕਵੀ ਨੇ ਆਪਣੀ ਪੁਸਤਕ ਵਿੱਚ ਧਰਮ ਨੂੰ ਇਤਿਹਾਸ ਅਤੇ ਸਮਾਜ ਦੇ ਸਰੋਕਾਰਾਂ ਨਾਲ ਜੋੜਨ ਦਾ ਯਤਨ ਕੀਤਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐੱਸ ਆਨੰਦ ਦਾ ਕਥਨ ਸੀ ਕਿ ਹਰੀਸ਼ ਦੀ ਕਵਿਤਾ ਸਿਰਫ਼ ਜਜ਼ਬਾਤ ਦੀ ਕਵਿਤਾ ਹੀ ਨਹੀਂ ਸਗੋਂ ਇਤਿਹਾਸ ਦੀਆਂ ਤੈਹਾਂ ਨੂੰ ਫਰੋਲਣ ਦਾ ਯਤਨ ਵੀ ਕਰਦੀ ਹੈ।
ਪੁਸਤਕ ਸੰਬੰਧੀ ਉਪਰੋਕਤ ਤੋਂ ਇਲਾਵਾ ਡਾ. ਸੰਤੋਖ ਸੁੱਖੀ, ਸੁਖਮਿੰਦਰ ਸੇਖੋਂ ਅਤੇ ਡਾ ਗੁਰਮੀਤ ਕੱਲਰਮਾਜਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਲੇਖਕਾਂ ਨੂੰ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਲਿਖਣ ਦਾ ਸੱਦਾ ਦਿੱਤਾ।
    ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਛਾਪਿਆ ਪੰਜਾਬੀ ਮੈਗਜ਼ੀਨ ‘ਸਾਹਿਤਿਕ ਕਰੂੰਬਲ਼ਾਂ ‘ਦਾ ਪਲੇਠਾ ਅੰਕ ਵੀ ਲੋਕ ਅਰਪਣ ਕੀਤਾ ਗਿਆ।
   ਹਰੀਸ਼ ਹਰਫ਼ ਤੋਂ ਇਲਾਵਾ ਪੁਸਤਕ ‘ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ’ ਵਿੱਚੋਂ ਉੱਘੇ ਗਾਇਕ ਸੋਨੂੰ ਵਿਰਕ ਅਤੇ ਲੱਕੀ ਸਿੰਘ ਵੱਲੋਂ ਵੀ ਤਰੰਨਮ ਵਿੱਚ ਗੀਤ ਪੇਸ਼ ਕੀਤੇ ਗਏ। ਵੱਖੋ ਵੱਖਰੇ ਗਾਇਕਾਂ ਵੱਲੋ ਰਿਕਾਰਡ ਕੀਤੇ ਗਏ ਹਰੀਸ਼ ਦੇ ਗੀਤਾਂ ਦਾ ਇੱਕ ਪੋਸਟਰ ਵੀ ਰਲੀਜ਼ ਕੀਤਾ ਗਿਆ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਅਵਤਾਰਜੀਤ, ਗੁਰਦਰਸ਼ਨ ਗੁਸੀਲ, ਤੇਜਿੰਦਰ ਅਨਜਾਨਾ, ਮੰਗਤ ਖਾਨ, ਕੁਲਦੀਪ ਕੌਰ ਧੰਜੂ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧੀਮਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਗੁਰਪ੍ਰੀਤ ਢਿੱਲੋਂ, ਜੱਗਾ ਰੰਗੂਵਾਲ, ਧੰਨਾ ਸਿੰਘ ਖਰੌੜ, ਤਰਸੇਮ ਖਾਸਪੁਰੀ, ਜਤਿਨ ਬੱਤਰਾ, ਗੁਰਨਾਮ ਸਿੰਘ ਜੱਜ, ਗੁਰਚਰਨ ਸਿੰਘ ਧੰਜੂ ਤੇ ਰਾਜੇਸ਼ਵਰ ਕੁਮਾਰ ਨੇ ਰਚਨਾਵਾਂ ਪੇਸ਼ ਕੀਤੀਆਂ।
 ਹਰਦੀਪ ਸਿੰਘ ਸਨੌਰ ‘ਲਾਲੀ ਹਰਿਆਲੀ ਮਿਸ਼ਨ’ ਰਾਜਪਾਲ ਕੌਰ ਮਸਤੀ ਦੀ ਪਾਠਸ਼ਾਲਾ,ਰਾਜੇਸ਼ ਕੋਟੀਆ, ਗੁਰਦੀਪ ਸਿੰਘ ਸੱਗੂ, ਸੁਖਦੀਪ ਸਿੰਘ, ਸੀ ਆਰ ਮਿੱਤਲ, ਰਵਿੰਦਰ ਸਿੰਘ ਭਾਂਖਰ ਅਤੇ ਐੱਸ ਐੱਨ ਚੌਧਰੀ, ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।ਫੋਟੋਗ੍ਰਾਫੀ ਦੇ ਫਰਜ਼ ਦਰਸ਼ਨ ਸਿੰਘ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।