ਹੁਸ਼ਿਆਰਪੁਰ:- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ 1969 ਤੋਂ 1972 ਬੈਚ ਦੇ ਬੀਐੱਸਸੀ ਨਾਨ ਮੈਡੀਕਲ ਕੋਰਸ ਦੇ ਵਿਦਿਆਰਥੀ ਰਹਿ ਚੁੱਕੇ  ਸੇਵਾ ਮੁਕਤ ਪ੍ਰਿੰਸੀਪਲ ਬੀ ਐੱਲ ਗੋਹਲ ਨੇ ਅੱਜ ਕਾਲਜ ਪੁੱਜ ਕੇ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੂੰ ਲੋੜਵੰਦ ਵਿਦਿਆਰਥੀਆਂ  ਲਈ ਵਜ਼ੀਫ਼ਾ ਰਾਸ਼ੀ ਵਜੋਂ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਪਿਆ। 
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਤੋਂ ਪੜ੍ਹ ਕੇ ਗਏ ਵਿਦਿਆਰਥੀ ਇਸ ਸੰਸਥਾ ਨਾਲ ਗਹਿਰਾ ਨਾਤਾ ਰੱਖਦੇ ਹਨ ਅਤੇ ਕਾਲਜ ਵੱਲੋਂ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਤਹਿਤ ਐਲੂਮਨੀ ਮੀਟ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰਿੰਸੀਪਲ ਗੋਹਲ ਵੱਲੋਂ ਕਾਲਜ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। 
ਦੱਸਣਯੋਗ ਹੈ ਕਿ ਮੂਲ ਤੌਰ ‘ਤੇ ਪਿੰਡ ਮਜਾਰਾ ਡੀਂਂਗਰੀਆਂ ਦੇ ਵਸਨੀਕ ਪ੍ਰਿੰਸੀਪਲ ਬੀ ਐੱਲ ਗੋਹਲ ਨੇ ਖਾਲਸਾ ਕਾਲਜ ਮਾਹਿਲਪੁਰ ਤੋਂ 1972 ਵਿੱਚ ਬੀਐੱਸ ਮੈਡੀਕਲ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਅਰਥ ਸ਼ਾਸਤਰ ਅਤੇ ਐੱਮ ਫਿਲ ਦੀ ਡਿਗਰੀ ਹਾਸਿਲ ਕੀਤੀ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਤੋਂ ਪ੍ਰਿੰਸੀਪਲ ਸੇਵਾ ਮੁਕਤੀ ਹਾਸਿਲ ਕੀਤੀ। ਇਸ ਮੌਕੇ ਕਾਲਜ ਵਲੋਂ ਪ੍ਰਿੰਸੀਪਲ ਗੋਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।