ਚੰਡੀਗੜ੍ਹ, 04 ਜੂਨ:- ਹਰਿਆਣਾ ਸਰਕਾਰ ਨੇ ਮੱਛੀ ਪਾਲਣ ਵਿਭਾਗ ਦੀਆਂ 11 ਸਬਸਿਡੀ ਯੋਜਨਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਦਾਇਰੇ ਵਿੱਚ ਲਿਆਉਂਦੇ ਹੋਏ ਇਨ੍ਹਾਂ ਦੀ ਸਮੇਂ-ਸੀਮਾ ਨਿਰਧਾਰਤ ਕੀਤੀ ਹੈ। ਇਸ ਨਾਲ ਲਾਭਾਰਥਿਆਂ ਨੂੰ ਨਿਰਧਾਰਤ ਸਮੇਂ-ਸੀਮਾ ਦੇ ਅੰਦਰ ਇਨ੍ਹਾਂ ਸੇਵਾਵਾਂ ਦਾ ਲਾਭ ਮਿਲ ਸਕੇਗਾ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸੰਘਣੇ ਮੱਛੀ ਪਾਲਣ ਵਿਕਾਸ ਪ੍ਰੋਗਰਾਮ ਲਈ ਸਬਸਿਡੀ ਦੇ ਤਹਿਤ ਆਟੋ, ਫੋਰ-ਵ੍ਹੀਲਰ ਜਾਂ ਮਿਨੀ ਟਰੈਕਟਰ-ਟਰਾਲੀ 'ਤੇ ਸਬਸਿਡੀ ਦਾ ਲਾਭ ਹੁਣ 40 ਦਿਨਾਂ ਦੀ ਨਿਰਧਾਰਤ ਸਮੇਂ-ਸੀਮਾ ਵਿੱਚ ਉਪਲਬਧ ਕਰਵਾਇਆ ਜਾਵੇਗਾ।
ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਜੈਨੇਟਿਕ ਸੁਧਾਰ ਪ੍ਰੋਗਰਾਮ ਅਤੇ ਨਿਊਕਲੀਅਸ ਬ੍ਰੀਡਿੰਗ ਸੈਂਟਰ ਦੀ ਸਥਾਪਨਾ 'ਤੇ ਸਬਸਿਡੀ, ਨਵੀਨਤਾ ਅਤੇ ਨਵੀਨਤਮ ਗਤੀਵਿਧੀਆਂ, ਸਟਾਰਟਅੱਪ, ਇਨਕਿਊਬੇਟਰ ਅਤੇ ਪਾਇਲਟ ਪ੍ਰੋਜੈਕਟਾਂ ਲਈ ਸਬਸਿਡੀ ਅਤੇ ਸਿਖਲਾਈ, ਜਾਗਰੂਕਤਾ, ਤਜ਼ਰਬਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ 'ਤੇ ਸਬਸਿਡੀ ਲਈ 50 ਦਿਨਾਂ ਦੀ ਸਮੇਂ-ਸੀਮਾ ਨਿਰਧਾਰਤ ਕੀਤੀ ਗਈ ਹੈ।
ਇਸੇ ਤਰ੍ਹਾਂ, ਏਕੀਕ੍ਰਿਤ ਸਜਾਵਟੀ ਫਿਸ਼ ਯੂਨਿਟ (ਤਾਜ਼ੇ ਪਾਣੀ ਦੀਆਂ ਮੱਛੀਆਂ ਦਾ ਪ੍ਰਜਨਨ ਅਤੇ ਪਾਲਣ) ਦੀ ਸਥਾਪਨਾ, ਤਾਜ਼ੇ ਪਾਣੀ ਦੇ ਸਜਾਵਟੀ ਮੱਛੀ ਬ੍ਰੂਡ ਬੈਂਕ ਦੀ ਸਥਾਪਨਾ ਅਤੇ ਮਨੋਰੰਜਨ ਮੱਛੀ ਪਾਲਣ (ਰੀਕ੍ਰੀਏਸ਼ਨਲ ਫਿਸ਼ਰੀਜ਼) ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਵੀ ਹੁਣ 50 ਦਿਨਾਂ ਦੇ ਅੰਦਰ ਪ੍ਰਦਾਨ ਕੀਤੀ ਜਾਵੇਗੀ।
ਮੱਛੀ ਉਤਪਾਦਾਂ ਦੇ ਮੰਡੀਕਰਨ ਅਤੇ ਮੁੱਲ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੱਛੀ ਅਤੇ ਮੱਛੀ ਉਤਪਾਦਾਂ ਦੀ ਈ-ਟ੍ਰੇਡਿੰਗ ਅਤੇ ਈ-ਮਾਰਕੀਟਿੰਗ ਲਈ ਈ-ਪਲੇਟਫਾਰਮ 'ਤੇ ਸਬਸਿਡੀ, ਕੋਲਡ ਸਟੋਰੇਜ ਅਤੇ ਆਈਸ ਪਲਾਂਟ ਦੇ ਆਧੁਨਿਕੀਕਰਨ 'ਤੇ ਸਬਸਿਡੀ, ਮੱਛੀ ਮੁੱਲ ਵਰਧਿਤ ਉੱਦਮ ਇਕਾਈਆਂ ਦੀ ਸਥਾਪਨਾ 'ਤੇ ਸਬਸਿਡੀ ਅਤੇ ਵਿਸਤਾਰ ਤੇ ਸਹਾਇਤਾ ਸੇਵਾਵਾਂ (ਮੱਛੀ ਸੇਵਾ ਕੇਂਦਰ) ਲਈ ਸਬਸਿਡੀ ਵੀ ਹੁਣ 50 ਦਿਨਾਂ ਦੇ ਅੰਦਰ ਮਿਲੇਗੀ।
ਨੋਟੀਫਿਕੇਸ਼ਨ ਅਨੁਸਾਰ, ਇਨ੍ਹਾਂ ਸਾਰੀਆਂ ਸੇਵਾਵਾਂ ਲਈ ਸਬੰਧਤ ਜ਼ਿਲ੍ਹਾ ਮੱਛੀ ਅਫ਼ਸਰ ਨਾਮਜ਼ਦ ਅਫ਼ਸਰ ਹੋਣਗੇ, ਜਦੋਂ ਕਿ ਉਪ ਨਿਰਦੇਸ਼ਕ (ਮੱਛੀ) ਪਹਿਲੇ ਸ਼ਿਕਾਇਤ ਨਿਵਾਰਣ ਅਥਾਰਟੀ ਅਤੇ ਨਿਰਦੇਸ਼ਕ (ਮੱਛੀ) ਦੂਜੇ ਸ਼ਿਕਾਇਤ ਨਿਵਾਰਣ ਅਥਾਰਟੀ ਵਜੋਂ ਕੰਮ ਕਰਨਗੇ।