ਐਸ ਏ ਐਸ ਨਗਰ, 26 ਨਵੰਬਰ:- ਪਿੰਡ ਭਾਗੋ ਮਾਜਰਾ ਤੋਂ ਨਿੱਕਲ ਰਹੇ ਹਾਈਵੇ ਉੱਤੇ ਮਛਲੀ ਖੁਰਦ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਤੇ ਰੋਕਾਂ ਖੜ੍ਹੀਆਂ ਕੀਤੇ ਜਾਣ ਦੇ ਵਿਰੋਧ ਵਿੱਚ ਮਛਲੀ ਖੁਰਦ ਦੇ ਕਿਸਾਨਾਂ ਵਲੋਂ ਟਰੈਕਟਰ ਟਰਾਲੀਆਂ ਲਗਾਕੇ ਨਵੇਂ ਬਣੇ ਹਾਈਵੇ ਨੂੰ ਬੰਦ ਕਰਕੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਧਰਨੇ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਕ ਚੰਦ ਸ਼ਰਮਾ ਮਛਲੀ ਕਲਾਂ ਨੇ ਸ੍ਰੀ ਸਿੱਧੂ ਨੂੰ ਲੋਕਾਂ ਦੀ ਸਮੱਸਿਆ ਬਾਰੇ ਵਿਸਥਾਰ ਸਹਿਤ ਜਾਣੂੰ ਕਰਵਾਇਆ। ਉਹਨਾਂ ਦੱਸਿਆ ਕਿ ਮਛਲੀ ਖੁਰਦ ਦੇ ਲੋਕਾਂ ਲਈ ਇਸ ਹਾਈਵੇ ਤੇ ਚੜ੍ਹਨ ਲਈ ਕੋਈ ਸਲਿੱਪ ਰੋਡ ਨਹੀਂ ਬਣਾਈ ਗਈ ਅਤੇ ਹੁਣ ਹੋਰ ਰਸਤਿਆਂ ਤੇ ਹਾਈਵੇ ਅਥਾਰਟੀ ਦੁਆਰਾ ਰੋਕਾਂ ਲਗਾਕੇ ਬੰਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ੍ਰੀ ਸਿੱਧੂ ਨੇ ਪਿੰਡ ਦੇ ਕਿਸਾਨਾਂ ਦੀ ਸਮੱਸਿਆ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਤੇ ਰੋਕਾਂ ਖੜ੍ਹੀਆਂ ਕਰਨੀ ਬਿਲਕੁਲ ਵੀ ਜਾਇਜ਼ ਨਹੀਂ ਕਿਉਂਕਿ ਹਾਈਵੇ ਕਾਰਨ ਲੋਕਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਪੁਰਾਣੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹ ਲੋਕ ਆਪਣੇ ਖੇਤਾਂ ਵਿੱਚ ਕਿਵੇਂ ਜਾਣਗੇ।
ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੌਕੇ ਦਾ ਦੌਰਾ ਕਰਕੇ ਪਿੰਡ ਦੇ ਕਿਸਾਨਾਂ ਦੀ ਸਹਿਮਤੀ ਨਾਲ ਇਸ ਮਸਲੇ ਦਾ ਹੱਲ ਕੱਢਣ। ਉਹਨਾਂ ਮੌਕੇ ਤੇ ਹੀ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਨਾਲ ਫੋਨ ਉੱਤੇ ਗੱਲਬਾਤ ਕਰਕੇ ਪਿੰਡ ਵਾਸੀਆਂ ਦੀ ਸਮੱਸਿਆ ਵਿਸਥਾਰ ਪੂਰਵਕ ਦੱਸੀ ਅਤੇ ਡਿਪਟੀ ਕਮਿਸ਼ਨਰ ਮੁਹਾਲੀ ਅੱਗੇ ਵੀ ਕਿਸਾਨਾਂ ਦਾ ਇਹ ਮਸਲਾ ਉਠਾਉਣ ਦਾ ਵੀ ਵਾਅਦਾ ਕੀਤਾ।
ਇਸ ਮੌਕੇ ਜਸਵੰਤ ਸਿੰਘ, ਪ੍ਰੇਰ ਸਿੰਘ ਦੋਵੇਂ ਸਾਬਕਾ ਸਰਪੰਚ, ਦਲੀਪ ਸਿੰਘ ਬਾਜਵਾ, ਵਰਿੰਦਰ ਸਿੰਘ, ਬਿਕਰਮਜੀਤ ਸਿੰਘ, ਸਵਰਨ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ, ਬਾਵਾ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਸੰਤ ਸਿੰਘ, ਦੀਨ ਮੁਹੰਮਦ, ਲਾਭ ਸਿੰਘ ਮਛਲੀ ਕਲਾਂ ਵੀ ਮੌਜੂਦ ਸਨ।
ਕਿਸਾਨਾਂ ਨੇ ਨਵੇਂ ਬਣੇ ਹਾਈਵੇ ਨੂੰ ਬੰਦ ਕਰਕੇ ਧਰਨਾ ਦਿੱਤਾ
