ਗੜ੍ਹਸ਼ੰਕਰ, 2 ਸਤੰਬਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵਿੱਚ 34 ਸਾਲ ਦੀਆਂ ਅਧਿਆਪਨ ਸੇਵਾਵਾਂ ਤੋਂ ਸੇਵਾਮੁਕਤ ਹੋਏ ਵਿਭਾਗ ਦੇ ਮੁਖੀ ਡਾ. ਬਿਮਲਾ ਜਸਵਾਲ ਅਤੇ ਕਾਲਜ ਦੇ ਸੁਰੱਖਿਆ ਅਮਲੇ ਵਿੱਚ 35 ਸਾਲ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਹੋਏ ਸੁਰਿੰਦਰ ਕੁਮਾਰ ਲੱਕੀ ਦੀ ਸਾਂਝੀ ਸੇਵਾਮੁਕਤੀ ਸਬੰਧੀ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪ੍ਰੋ. ਬਿਮਲਾ ਜਸਵਾਲ ਵੱਲੋਂ ਕਾਮਰਸ ਵਿਭਾਗ ਵਿੱਚ ਅਧਿਆਪਨ ਦੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਸੁਰਿੰਦਰ ਕੁਮਾਰ ਲੱਕੀ ਵੱਲੋਂ ਬਹੁਤ ਇਮਾਨਦਾਰੀ ਨਾਲ ਕਾਲਜ ਦੇ ਸੁਰੱਖਿਆ ਅਮਲੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ। ਉਨ੍ਹਾਂ ਸੇਵਾਮੁਕਤ ਹੋਏ ਦੋਵੇਂ ਕਰਮਚਾਰੀਆਂ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਟਾਫ ਸਕੱਤਰ ਡਾ. ਆਰਤੀ ਸ਼ਰਮਾ, ਡਾ. ਬਲਵੀਰ ਕੌਰ, ਕਾਮਰਸ ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਅਤੇ ਫੀਸ ਕਲਰਕ ਅਵਤਾਰ ਸਿੰਘ ਨੇ ਸੇਵਾਮੁਕਤ ਹੋਏ ਅਧਿਕਾਰੀਆਂ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸੇਵਾਮੁਕਤੀ ’ਤੇ ਮੁਬਾਰਕਬਾਦ ਦਿੱਤੀ।
ਡਾ. ਬਿਮਲਾ ਜਸਵਾਲ ਵੱਲੋਂ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਾਲਜ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਅਤੇ ਹਾਜ਼ਰ ਸਟਾਫ ਵੱਲੋਂ ਉਕਤ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਡਾ. ਆਰਤੀ ਸ਼ਰਮਾ ਨੇ ਚਲਾਈ।
ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਖਜ਼ਾਨਚੀ ਵੀਰਇੰਦਰ ਸ਼ਰਮਾ, ਸੇਵਾਮੁਕਤ ਹੋਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਗੁਰਧੀਰ ਸਿੰਘ ਜਸਵਾਲ, ਡਾ. ਮੋਹਤੇਸ਼ ਜਸਵਾਲ, ਮੈਡਮ ਸ਼ਿਵਾਨੀ, ਹਰਜੀਤ ਸਿੰਘ, ਹਰਿਤ ਜਸਵਾਲ, ਦਿਲਵਾਰ ਸਿੰਘ ਸਮੇਤ ਸੰਸਥਾ ਦਾ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਸੀ।
