ਨਵੀਂ ਦਿੱਲੀ:- ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਸਹਿਮਤੀ ਬਣਨ ਤੋਂ ਇਕ ਦਿਨ ਮਗਰੋਂ ਬੁੱਧਵਾਰ ਨੂੰ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਪਹਿਲੀ ਵਾਰ ਸੰਸਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚੱਲੀ। ਲੋਕ ਸਭਾ ਦੀ ਕਾਰਵਾਈ ਪ੍ਰਸ਼ਨ ਕਾਲ ਸ਼ੁਰੂ ਹੋਈ।
ਮੰਗਲਵਾਰ ਸ਼ਾਮ ਨੂੰ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ, ਅਗਲੇ ਸੋਮਵਾਰ ਨੂੰ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਅਤੇ ਅਗਲੇ ਮੰਗਲਵਾਰ ਨੂੰ ਚੋਣ ਸੁਧਾਰਾਂ ’ਤੇ ਲੋਕ ਸਭਾ ਵਿੱਚ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਪਹਿਲਾਂ ਅੱਜ ਜਿਵੇਂ ਹੀ ਸਦਨ ਜੁੜਿਆ ਤਾਂ ਮੈਂਬਰਾਂ ਨੇ ਉਨ੍ਹਾਂ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਫਿਰ ਸਦਨ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ। ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੇ ਵਿਸ਼ੇਸ਼ ਵਿਆਪਕ ਸੋਧ ਅਭਿਆਸ ’ਤੇ ਬਹਿਸ ਦੀ ਮੰਗ ਕਰਦਿਆਂ ਕਾਰਵਾਈ ਵਿੱਚ ਵਿਘਨ ਪਾਇਆ।
ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ। ਇਜਲਾਸ ਦੇ ਪਹਿਲੇ ਦੋ ਦਿਨ ਵਿਰੋਧੀ ਧਿਰਾਂ ਨੇ ਵਿਸ਼ੇਸ਼ ਵਿਆਪਕ ਸੋਧ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪਿਆ।
ਇਸ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪਾਰਟੀ ਮੁਖੀਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਕਿਰਤ ਕੋਡਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਕਾਂਗਰਸ, ਡੀਐਮਕੇ, ਟੀਐਮਸੀ, ਖੱਬੇ-ਪੱਖੀ ਪਾਰਟੀਆਂ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਨੇ ਸੰਸਦ ਦੇ ਮਕਰ ਦੁਆਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਨਵੇਂ ਕਿਰਤ ਕੋਡਾਂ ਖਿਲਾਫ਼ ਪੋਸਟਰ ਅਤੇ ਤਖ਼ਤੀਆਂ ਲੈ ਕੇ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਖੜਗੇ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਇਲਾਵਾ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਟੀਐਮਸੀ ਦੀ ਡੋਲਾ ਸੇਨ, ਡੀਐਮਕੇ ਦੇ ਕੇ ਕੰਨੀਮੋੜੀ ਅਤੇ ਏ ਰਾਜਾ, ਸੀਪੀਆਈ(ਐਮ) ਦੇ ਜੌਨ ਬ੍ਰਿਟਾਸ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੁਦਾਮਾ ਪ੍ਰਸਾਦ ਸਮੇਤ ਹੋਰਨਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਸੰਸਦ ਮੈਂਬਰਾਂ ਨੇ ਇੱਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ ਜਿਸ 'ਤੇ ਲਿਖਿਆ ਸੀ - ‘ਕਾਰਪੋਰੇਟ ਜੰਗਲ ਰਾਜ ਨੂੰ ਨਹੀਂ, ਲੇਬਰ ਜਸਟਿਸ ਨੂੰ ਹਾਂ’।
ਸਰਦ ਰੁੱਤ ਇਜਲਾਸ ਦੌਰਾਨ ਸੰਸਦੀ ਅਹਾਤੇ ਵਿਚ ਲੇਬਰ ਕੋਡ ਖਿਲਾਫ਼ ਧਰਨੈ ਪ੍ਰਦਰਸ਼ਨ ਵਿਚ ਸ਼ਾਮਲ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮਲਿਕਾਰਜੁਨ ਖੜਗੇ। ਫੋਟੋ: ਪੀਟੀਆਈ
ਕਾਬਿਲੇਗੌਰ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਚਾਰ ਕਿਰਤ ਕੋਡਾਂ ਨੂੰ ਸੂਚਿਤ ਕੀਤਾ ਸੀ, ਜੋ 2020 ਤੋਂ ਲੰਬਿਤ ਸਨ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ 29 ਮੌਜੂਦਾ ਕਿਰਤ-ਸਬੰਧਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਦੁਬਾਰਾ ਪੈਕ ਕੀਤਾ ਗਿਆ ਹੈ। ਚਾਰ ਕਿਰਤ ਕੋਡ: ਮਜ਼ਦੂਰੀ ਕੋਡ (2019), ਉਦਯੋਗਿਕ ਸਬੰਧ ਕੋਡ (2020), ਸਮਾਜਿਕ ਸੁਰੱਖਿਆ ਕੋਡ (2020) ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ (2020)।
ਇਸ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਆਪਣੀ ਸਾਂਝੀ ਰਣਨੀਤੀ ’ਤੇ ਚਰਚਾ ਲਈ ਬੁੱਧਵਾਰ ਨੂੰ ਸੰਸਦ ਵਿਚ ਬੈਠਕ ਕੀਤੀ। ਕਾਂਗਰਸ, ਡੀਐਮਕੇ, ਆਰਜੇਡੀ, ਸਪਾ, ਜੇਐਮਐਮ, ਸੀਪੀਆਈ-ਐਮ, ਸੀਪੀਆਈ, ਆਈਯੂਐਮਐਲ, ਐਨਸੀਪੀ-ਐਸਪੀ, ਅਤੇ ਐਸਐਸ-ਯੂਬੀਟੀ ਸਮੇਤ ਵੱਖ-ਵੱਖ ਪਾਰਟੀਆਂ ਦੇ ਫਲੋਰ ਲੀਡਰ ਮੀਟਿੰਗ ਵਿੱਚ ਸ਼ਾਮਲ ਹੋਏ, ਜਦੋਂ ਕਿ ਤ੍ਰਿਣਮੂਲ ਕਾਂਗਰਸ ਇਸ ਤੋਂ ਦੂਰ ਰਹੀ। ਟੀਐੱਮਸੀ ਪਹਿਲੀ ਦਸੰਬਰ ਨੂੰ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ - ਵਿਰੋਧੀ ਧਿਰ ਦੇ ਨੇਤਾਵਾਂ ਦੀ ਆਖਰੀ ਮੀਟਿੰਗ ਤੋਂ ਵੀ ਗੈਰਹਾਜ਼ਰ ਸੀ।
ਰਾਜ ਸਭਾ ਮੈਂਬਰ ਮਲਿਕਾਰਜੁਨ ਖੜਗੇ ਦੇ ਚੈਂਬਰ ਵਿਚ ਹੋਈ ਬੈਠਕ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਆਗੂਆਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਏਕਤਾ ਅਤੇ ਸਰਕਾਰ ’ਤੇ ਲਗਾਤਾਰ ਦਬਾਅ ਨੇ ਇਸ ਨੂੰ ਐਸਆਈਆਰ ਸਮੇਤ ਚੋਣ ਸੁਧਾਰਾਂ ’ਤੇ ਚਰਚਾ ਦੀ ਉਨ੍ਹਾਂ ਦੀ ਮੰਗ ’ਤੇ ਸਹਿਮਤ ਹੋਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਸੰਸਦ ਦੇ ਸੁਚਾਰੂ ਕੰਮਕਾਜ ਦੀ ਮੰਗ ਵੀ ਕੀਤੀ। ਵਿਰੋਧੀ ਧਿਰ SIR 'ਤੇ ਚਰਚਾ ਦੀ ਆਪਣੀ ਮੰਗ ਨੂੰ ਲੈ ਕੇ ਸੰਸਦ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਫਰਜ਼ੀ ਖ਼ਬਰਾਂ ਲੋਕਤੰਤਰ ਲਈ ਖ਼ਤਰਾ ਸਰਕਾਰ ਇਸ ਨੂੰ ਰੋਕਣ ਲਈ ਕੰਮ ਕਰ ਰਹੀ ਹੈ ਅਸ਼ਿਵਨੀ ਵੈਸ਼ਨਵ
