ਲੁਧਿਆਣਾ 21 ਜੁਲਾਈ, 2026:- ਪੰਜਾਬ ਦੇ 12 ਜ਼ਿਲ੍ਹਿਆਂ ਦੇ 62 ਸਿਖਿਆਰਥੀਆਂ, ਜਿਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ, ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤਿਆਂ ਦੇ ਡੇਅਰੀ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਨਾਲ ਲੋਕਾਂ ਦੀ ਵਿਗਿਆਨਕ ਡੇਅਰੀ ਫਾਰਮਿੰਗ ਵਿੱਚ ਵੱਧ ਰਹੀ ਖਿੱਚ ਦਾ ਪਤਾ ਲੱਗਦਾ ਹੈ।
ਪ੍ਰਤੀਭਾਗੀਆ ਨੇ ਮਾਹਰ ਲੈਕਚਰਾਂ, ਵਿਹਾਰਕ ਪ੍ਰਦਰਸ਼ਨਾਂ ਅਤੇ ਵਿਦਿਅਕ ਦੌਰਿਆਂ ਰਾਹੀਂ ਵਿਗਿਆਨਕ ਡੇਅਰੀ ਫਾਰਮਿੰਗ, ਪਸ਼ੂ ਸਿਹਤ, ਖੁਰਾਕ, ਪ੍ਰਜਣਨ , ਜੈਵਿਕ ਸੁਰੱਖਿਆ, ਰਿਹਾਇਸ਼, ਸਾਫ਼ ਦੁੱਧ ਉਤਪਾਦਨ, ਗੁਣਵੱਤਾ ਭਰਪੂਰ ਉਤਪਾਦਾਂ ਅਤੇ ਉੱਦਮਤਾ ਵਿੱਚ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਸ਼ੇਸ਼ ਤੌਰ 'ਤੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਗੁਣਵੱਤਾ ਭਰਪੂਰ ਉਤਪਾਦ , ਬ੍ਰਾਂਡਿੰਗ ਅਤੇ ਉੱਦਮਤਾ ਨੂੰ ਅਪਣਾਅ ਕੇ ਰਵਾਇਤੀ ਦੁੱਧ ਉਤਪਾਦਨ ਤੋਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਨੂੰ ਵਿਗਿਆਨਕ ਡੇਅਰੀ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਸਿਖਲਾਈ ਦੇ ਸਮਾਪਤੀ ਸੈਸ਼ਨ ਦੌਰਾਨ ਕਿਸਾਨ ਭਾਈਚਾਰੇ ਨੂੰ 'ਵਰਸਿਟੀ ਵੱਲੋਂ ਨਿਰੰਤਰ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਡੇਅਰੀ ਹਮੇਸ਼ਾ ਉੰਨਤਸ਼ੀਲ ਕਾਰੋਬਾਰ ਹੈ ਜਿਸਦੀ ਮੰਗ ਕਦੇ ਵੀ ਘੱਟ ਨਹੀਂ ਹੁੰਦੀ, ਸਿਰਫ਼ ਖ਼ਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਸੋਚ ਹੋਣੀ ਚਾਹੀਦੀ ਹੈ।
ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਢੁਕਵੀਂ ਯੋਜਨਾਬੰਦੀ ਅਤੇ ਸੁਚੱਜੇ ਤਾਲਮੇਲ ਨਾਲ ਕੀਤੀ, ਜਿਸ ਨਾਲ ਇਸ ਦੀ ਸਫ਼ਲ ਸੰਪੂਰਨਤਾ ਯਕੀਨੀ ਹੋ ਸਕੀ । ਸ਼੍ਰੀ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਵੀ ਡੇਅਰੀ ਕਿਸਾਨਾਂ ਦੇ ਲਾਭ ਲਈ ਆਪਣੇ ਤਜਰਬੇ ਅਤੇ ਯੋਜਨਾਵਾਂ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦਾ ਤਾਲਮੇਲ ਡਾ. ਅਕਸ਼ਿਤਾ ਚੱਡਾ, ਡਾ. ਕ੍ਰਿਤਿਕਾ ਵਰਮਾ ਅਤੇ ਵਿਦਿਆਰਥੀ ਸੰਯੋਜਕ ਡਾ. ਸੌਰਵ ਉੱਪਲ ਵੱਲੋਂ ਕੀਤਾ ਗਿਆ। ਸਿਖਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵਿਗਿਆਨਕ ਗਿਆਨ ਨੂੰ ਸਮਝਣਯੋਗ ਢੰਗ ਨਾਲ ਪ੍ਰਦਾਨ ਕਰਨ ਲਈ ਉਨਾਂ ਦੀ ਸ਼ਲਾਘਾ ਕੀਤੀ।
ਉੱਦਮ ਵਿੱਚ ਗੁਣਵੱਤਾ ਭਰਪੂਰ ਉਤਪਾਦ ਅਤੇ ਬਰਾਂਡ ਨਿਰਮਾਣ ਕਰਨਾ ਸਮੇਂ ਦੀ ਲੋੜ ਉਪ ਕੁਲਪਤੀ
