ਮਮਦੋਟ/ਫ਼ਿਰੋਜਪੁਰ, 26 ਅਗਸਤ:- ਸਾਥੀ ਕਰਮਚਾਰੀ ਨੂੰ ਜਨਗਣਨਾ ਸਬੰਧੀ ਡਿਊਟੀ ਨਿਭਾਉਣ ਲਈ ਰਿਲੀਵ ਨਾ ਕਰਨ ਦੇ ਦੋਸ਼ ਲਗਾਉਂਦਿਆਂ ਬਿਜਲੀ ਮੁਲਾਜ਼ਮਾਂ ਵੱਲੋਂ ਸਬ-ਡਵੀਜ਼ਨ ਮਮਦੋਟ ਵਿਖੇ ਐਸ.ਡੀ.ਓ. ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਵਿਭਾਗੀ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ।
ਧਰਨਾਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਸਬ-ਡਵੀਜ਼ਨ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਇੱਕ ਬਿਜਲੀ ਮੁਲਾਜ਼ਮ ਦੀ ਜਨਗਣਨਾ ਸਬੰਧੀ ਡਿਊਟੀ ਲਗਾਈ ਗਈ ਸੀ, ਪਰ ਉਸ ਨੂੰ ਡਿਊਟੀ ਨਿਭਾਉਣ ਲਈ ਰਿਲੀਵ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਉਕਤ ਸਾਥੀ ਕਰਮਚਾਰੀ ਨੂੰ ਹਾਕੀ ਦੀ ਪ੍ਰੈਕਟਿਸ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਭਾਗੀ ਡਿਊਟੀ ਦੇ ਨਾਲ-ਨਾਲ ਸਰਕਾਰੀ ਤੌਰ ’ਤੇ ਲਗਾਈ ਗਈ ਜਨਗਣਨਾ ਡਿਊਟੀ ਨੂੰ ਵੀ ਨਿਭਾਉਣ ਲਈ ਕਰਮਚਾਰੀ ਨੂੰ ਲੋੜੀਂਦੀ ਰਿਲੀਵਿੰਗ ਦਿੱਤੀ ਜਾਣੀ ਚਾਹੀਦੀ ਹੈ।
ਬਿਜਲੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਾਮਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਜਨਗਣਨਾ ਡਿਊਟੀ ’ਤੇ ਲਗਾਏ ਗਏ ਕਰਮਚਾਰੀ ਨੂੰ ਰਿਲੀਵ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।