ਗੜ੍ਹਸ਼ੰਕਰ, 22 ਜੁਲਾਈ:- ਦਿੱਲੀ ਦੇ ਜੰਤਰ-ਮੰਤਰ ਵਿਖੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਕੀਤੇ ਗਏ ਕਥਿਤ ਤਸ਼ੱਦਦ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਗਾਂਧੀ ਪਾਰਕ ਵਿੱਚ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਗਾਂਧੀ ਪਾਰਕ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਮੁਕੇਸ਼ ਕੁਮਾਰ, ਬਲਜੀਤ ਸਿੰਘ ਧਰਮਕੋਟ, ਜੋਗਿੰਦਰ ਸਿੰਘ ਕੁਲੇਵਾਲ, ਦਰਸ਼ਨ ਮੱਟੂ, ਪ੍ਰਿੰਸੀਪਲ ਬਿਕਰ ਸਿੰਘ, ਇੰਦਰਜੀਤ ਕੌਰ, ਵਿਨੇ ਕੁਮਾਰ, ਜਸਵਿੰਦਰ ਸਿੰਘ, ਸੰਦੀਪ ਸਿੰਘ ਗਿੱਲ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੂੰ ਸਿਵਲ ਕੱਪੜਿਆਂ ਵਿੱਚ ਆਏ ਪੁਲਿਸ ਕਰਮਚਾਰੀਆਂ ਵੱਲੋਂ ਜ਼ਬਰਦਸਤੀ ਹਿਰਾਸਤ ਵਿੱਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੇਪਰ ਲੀਕ ਮਾਮਲੇ 'ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਵੀ ਕਥਿਤ ਤੌਰ 'ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣ ਲਈ ਚੁੱਕੇ ਗਏ ਇਹ ਕਦਮ ਲੋਕਤੰਤਰੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਨੀਟ ਸਮੇਤ ਵੱਖ-ਵੱਖ ਭਰਤੀ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਕਈ ਪੇਪਰ ਲੀਕ ਹੋਏ ਹਨ, ਪਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਆਪਣੀ ਹੱਕੀ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਲਾਠੀਚਾਰਜ ਕਰਨ ਵਾਲਿਆਂ ਵਿੱਚ ਕੁਝ ਵਿਅਕਤੀ ਸਿਵਲ ਕੱਪੜਿਆਂ ਵਿੱਚ ਵੀ ਮੌਜੂਦ ਸਨ।
ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨਾਲ ਵੀ ਇਸੇ ਤਰ੍ਹਾਂ ਦਾ ਵਤੀਰਾ ਅਪਣਾਇਆ ਗਿਆ ਸੀ ਅਤੇ ਹੁਣ ਵਿਦਿਆਰਥੀਆਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਹੋਈ ਧੱਕਾਮੁੱਕੀ ਅਤੇ ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਬਲ ਰਾਹੀਂ ਹਟਾਉਣ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ।
ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ਸ਼ੀਲ ਨੌਜਵਾਨਾਂ ਦੇ ਹੱਕ ਵਿੱਚ ਡਟ ਕੇ ਖੜ੍ਹਨ ਅਤੇ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ।
ਇਸ ਮੌਕੇ ਹੰਸ ਰਾਜ ਗੜ੍ਹਸ਼ੰਕਰ, ਕੁਲਵਿੰਦਰ ਸਿੰਘ ਸੰਘਾ, ਅਮਰੀਕ ਸਿੰਘ ਪਨਾਮ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਨਿਰੰਜਨ ਸਿੰਘ ਚਾਂਦਪੁਰੀ, ਭੁਪਿੰਦਰ ਸਿੰਘ ਸੜੋਆ, ਗੁਰਨਾਮ ਸਿੰਘ, ਗੁਰਮੇਲ ਸਿੰਘ ਕਲਸੀ, ਰਜਿੰਦਰ ਸਿੰਘ, ਇਕਬਾਲ ਸਿੰਘ, ਰੁਪਿੰਦਰ ਸਿੰਘ ਸੀਹਮਾਰ, ਰਾਕੇਸ਼ ਕੁਮਾਰ, ਰਜਿੰਦਰ ਪਾਲ, ਜਸਵਿੰਦਰ ਸਿੰਘ ਸੇਖੋਵਾਲ, ਪਵਨ ਕੁਮਾਰ, ਸਤਨਾਮ ਸਿੰਘ ਬੰਗੜ, ਖੁਸ਼ਵਿੰਦਰ ਕੌਰ, ਅਨੀਤਾ ਵਿਸ਼ਿਸ਼ਟ, ਮਨਜਿੰਦਰ ਕੁਮਾਰ, ਮਨਦੀਪ ਕੁਮਾਰ, ਹੰਸ ਰਾਜ, ਹੇਮ ਰਾਜ, ਅੰਕਿਤ ਕੁਮਾਰ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ, ਸਮਾਜਿਕ ਕਾਰਕੁਨ ਅਤੇ ਹੋਰ ਲੋਕ ਹਾਜ਼ਰ ਸਨ।