ਹੁਸ਼ਿਆਰਪੁਰ, 28 ਜੁਲਾਈ:- ਭਾਸ਼ਾ ਵਿਭਾਗ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡਾ. ਐੱਮ.ਐੱਸ. ਰੰਧਾਵਾ ਫਲ ਖੋਜ ਕੇਂਦਰ, ਗੰਗੀਆਂ (ਦਸੂਹਾ) ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪੰਜਾਬੀ ਸਾਹਿਤ ਅਤੇ ਲੋਕਧਾਰਾ ਨੂੰ ਦਿੱਤੀ ਵਿਲੱਖਣ ਦੇਣ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਵਿੱਚ ਪ੍ਰੋ. ਸੁਰਜੀਤ ਜੱਜ ਨੇ ਮੁੱਖ ਮਹਿਮਾਨ, ਜਸਬੀਰ ਸਿੰਘ ਧੀਮਾਨ ਨੇ ਵਿਸ਼ੇਸ਼ ਮਹਿਮਾਨ ਅਤੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਪ੍ਰਧਾਨਗੀ ਕੀਤੀ। ਸਵਾਗਤੀ ਸ਼ਬਦ ਆਖਦਿਆਂ ਪ੍ਰੋ. ਬਲਦੇਵ ਸਿੰਘ ਬੱਲੀ ਨੇ ਹੁਸ਼ਿਆਰਪੁਰ ਦੇ ਪਿੰਡ ਬੋਦਲ ਨਾਲ ਸਬੰਧਤ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜੀਵਨ, ਸਾਹਿਤ ਅਤੇ ਸਮਾਜ ਪ੍ਰਤੀ ਯੋਗਦਾਨ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ।
ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਡਾ. ਰੰਧਾਵਾ ਨੇ ਪੰਜਾਬੀ ਸਾਹਿਤ, ਲੋਕਧਾਰਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅਮੁੱਲ ਯੋਗਦਾਨ ਦਿੱਤਾ। ਉਨ੍ਹਾਂ ਦੱਸਿਆ ਕਿ 'ਕਾਂਗੜੇ ਦੀ ਕਲਾ ਤੇ ਲੋਕ ਗੀਤ', 'ਪੰਜਾਬ ਦੇ ਲੋਕ ਗੀਤ', 'ਭਾਰਤੀ ਖੇਤੀ ਦਾ ਇਤਿਹਾਸ' (ਚਾਰ ਜਿਲਦਾਂ), ਵਿਗਿਆਨ ਨਾਲ ਸਬੰਧਤ ਕਿਤਾਬਾਂ ਅਤੇ 'ਪੰਜਾਬ' ਵਰਗੀ ਸਦੀਵੀ ਕਿਤਾਬ ਉਨ੍ਹਾਂ ਦੀਆਂ ਮਹੱਤਵਪੂਰਨ ਰਚਨਾਵਾਂ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੰਡੀਗੜ੍ਹ ਅਤੇ ਰੋਜ਼ ਗਾਰਡਨ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਡਾ. ਰੰਧਾਵਾ ਨੇ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਨੂੰ ਮਜ਼ਬੂਤ ਨੀਂਹ ਪ੍ਰਦਾਨ ਕੀਤੀ।
ਇਸ ਵਿਸ਼ੇ 'ਤੇ ਪ੍ਰੋ. ਕੇਵਲ ਕਲੋਟੀ, ਪ੍ਰੋ. ਸ਼ਾਮ ਸਿੰਘ, ਪ੍ਰੋ. ਸੁਰਜੀਤ ਜੱਜ ਅਤੇ ਜਸਬੀਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਭਾਸ਼ਾ ਵਿਭਾਗ ਦੇ ਤ੍ਰੈ-ਮਾਸਿਕ ਮੈਗਜ਼ੀਨ 'ਚਿਰਾਗ਼' ਦਾ ਵਿਸ਼ੇਸ਼ ਅੰਕ 131-132 (ਅਪ੍ਰੈਲ-ਸਤੰਬਰ 2026) ਵੀ ਲੋਕ ਅਰਪਣ ਕੀਤਾ ਗਿਆ।
ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਡਾ. ਸ਼ਮਸ਼ੇਰ ਮੋਹੀ, ਨਵਤੇਜ ਗੜ੍ਹਦੀਵਾਲਾ, ਮਨਜੀਤ ਕੈਫ਼ੀ, ਡਾ. ਨਰੰਜਨ, ਪ੍ਰੋ. ਮਲਕੀਤ ਜੌੜਾ, ਡਾ. ਅਰਮਨਪ੍ਰੀਤ ਸਿੰਘ, ਹਰਪਾਲ ਸਿੰਘ, ਦਿਲਪ੍ਰੀਤ ਕਾਹਲੋਂ, ਤਰਸੇਮ ਸਿੰਘ, ਡਾ. ਸਰਬਜੋਤ ਸਿੰਘ, ਹਰਸ਼ਵਿੰਦਰ ਕੌਰ, ਡਾ. ਸੋਨੀਆ ਦੇਵੀ, ਰਜਿੰਦਰ ਸਿੰਘ ਢੱਡਾ, ਨਵਜੋਤ ਸਿੰਘ ਰਾਜੂ, ਅਵਤਾਰ ਸਿੰਘ ਅਤੇ ਇੰਦਰਜੀਤ ਕਾਜਲ ਨੇ ਆਪਣੀਆਂ ਨਜ਼ਮਾਂ ਅਤੇ ਕਾਵਿ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਸਾਹਿਤਕ ਰੰਗਾਂ ਨਾਲ ਮਹਿਕਾ ਦਿੱਤਾ।
ਸਮਾਗਮ ਦੇ ਅੰਤ ਵਿੱਚ ਭਾਸ਼ਾ ਵਿਭਾਗ ਵੱਲੋਂ ਮੁੱਖ ਮਹਿਮਾਨ ਪ੍ਰੋ. ਸੁਰਜੀਤ ਜੱਜ, ਵਿਸ਼ੇਸ਼ ਮਹਿਮਾਨ ਜਸਬੀਰ ਸਿੰਘ ਧੀਮਾਨ ਅਤੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਨੂੰ ਵਿਭਾਗ ਦੀਆਂ ਲੋਈਆਂ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਵੀਆਂ ਨੂੰ ਵੀ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ।
ਡਾ. ਐੱਮ.ਐੱਸ. ਰੰਧਾਵਾ ਫਲ ਖੋਜ ਕੇਂਦਰ ਵੱਲੋਂ ਸਾਹਿਤਕਾਰਾਂ ਦੀ ਦੇਸੀ ਅੰਬਾਂ ਅਤੇ ਠੰਡੀ ਲੱਸੀ ਨਾਲ ਪਰਾਹੁਣਚਾਰੀ ਕੀਤੀ ਗਈ। ਅੰਤ ਵਿੱਚ ਨਾਵਲਕਾਰ ਸੁਰਿੰਦਰ ਨੇਕੀ ਨੇ ਧੰਨਵਾਦ ਪ੍ਰਗਟ ਕੀਤਾ, ਜਦਕਿ ਸਮਾਗਮ ਦੀ ਸਟੇਜ ਸੰਚਾਲਨਾ ਨਵਤੇਜ ਗੜ੍ਹਦੀਵਾਲਾ ਨੇ ਕਾਵਿਕ ਅੰਦਾਜ਼ ਵਿੱਚ ਬਾਖੂਬੀ ਨਿਭਾਈ।
ਡਾ ਮਹਿੰਦਰ ਸਿੰਘ ਰੰਧਾਵਾ ਦੀ ਸਾਹਿਤ ਤੇ ਲੋਕਧਾਰਾ ਨੂੰ ਦੇਣ ਦੀ ਯਾਦ ਵਿੱਚ ਕਵੀ ਦਰਬਾਰ ਆਯੋਜਿਤ
