ਨਵਾਂਸ਼ਹਿਰ - ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਰਜਿ: ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੀ ਖੁਸ਼ੀ ਵਿੱਚ ਆਰ ਸੀ ਐਫ ਦੀ ਵੈਸਟ ਕਲੌਨੀ ਦੇ ਵਰਕਰ ਕਲੱਬ ਵਲੋਂ 75 ਵੇਂ ਗਣਤੰਤਰ ਦਿਵਸ/ਸੰਵਿਧਾਨ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਮਾਨਯੋਗ ਸ਼੍ਰੀ ਲਾਲ ਵਿਸਵਾਸ਼ ਐਸ ਡੀ ਐਮ ਕਪੂਰਥਲਾ ਮਿਸ਼ਨਰੀ ਲੇਖਕ ਸ਼੍ਰੀ ਚਮਨ ਲਾਲ ਚਣਕੋਆ, ਡਿਪਟੀ ਕਮਾਂਡੈਂਟ ਆਰ ਪੀ ਐਫ ਸ਼੍ਰੀ ਨਰਿੰਦਰ ਕੁਮਾਰ ਅਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਆਦਿ ਨੇ ਸਾਂਝੇ ਤੌਰ ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ-ਸਮੇਂ ਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਿਚਾਰ ਗੋਸ਼ਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਆਮ ਲੋਕਾਂ ਨੂੰ ਭਾਰਤੀ ਸੰਵਿਧਾਨ ਪ੍ਰਤੀ ਜਾਣਕਾਰੀ ਦੇਣ ਅਤੇ ਇਸ ਦੀ ਅਹਿਮੀਅਤ ਦੱਸਣ ਲਈ ਮਨਾਇਆ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਲਾਰਡ ਬੁੱਧ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਸ਼੍ਰੀ ਪੂਰਨ ਸਿੰਘ ਨੇ ਭਾਰਤੀ ਸੰਵਿਧਾਨ ਦੀ ਉਦੇਸ਼ਿਕਾ ਦੀ ਸੋਹੁ ਚੁਕਾਈ। ਇਸ ਸ਼ੁਭ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਲਾਲ ਵਿਸਵਾਸ਼ ਨੇ ਹਾਜਰੀਨ ਨੂੰ ਭਾਰਤੀ ਸੰਵਿਧਾਨ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ 26 ਜਨਵਰੀ 1950 ਦਾ ਦਿਨ ਭਾਰਤ ਦੇ ਲੋਕਾਂ ਲਈ ਸੁਨਹਿਰਾ ਦਿਨ ਹੈ। ਇਸ ਦਿਨ ਭਾਰਤੀ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਨੂੰ ਇਕ ਪੂਰਨ ਗਣਤੰਤਰ ਰਾਜ ਘੋਸ਼ਿਤ ਕੀਤਾ ਗਿਆ ਸੀ। ਗਣਤੰਤਰ ਦਿਵਸ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਸ਼੍ਰੀ ਵਿਸ਼ਵਾਸ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਵਿੱਦਿਆ ਸ਼ੇਰਨੀ ਦਾ ਦੁੱਧ ਹੁੰਦਾ ਹੈ, ਜੋ ਵੀ ਇਸਨੂੰ ਪੀਵੇਗਾ ਉਹ ਦਹਾੜੇਗਾ। ਬੱਚਿਆਂ ਦਾ ਭਵਿੱਖ ਮਾਪਿਆਂ ਦੇ ਹੱਥਾਂ ਵਿੱਚ ਹੈ। ਉਹ ਬੱਚਿਆਂ ਵਿੱਚ ਜਿਸ ਤਰ੍ਹਾਂ ਦੀ ਸੋਚ ਭਰਨਗੇ ਬੱਚੇ ਉਹੋ ਜਿਹੇ ਹੀ ਹੋਣਗੇ। ਸਾਨੂੰ ਬਾਬਾ ਸਾਹਿਬ ਜੀ ਦਾ ਗੁਣਗਾਨ ਕਰਨ ਦੇ ਨਾਲ-ਨਾਲ, ਉਹਨਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਵੀ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦਾ ਪ੍ਰਬੰਧ ਕਰਨ ਤਾਂ ਕਿ ਬੱਚੇ ਪੜ੍ਹ ਲਿਖ ਕੇ ਸਮਾਜ ਦੀ ਬਿਹਤਰੀ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਸਮਾਗਮ ਦੇ ਮੁੱਖ ਬੁਲਾਰੇ ਤੇ ਬਹੁਜਨ ਸਮਾਜ ਦੇ ਚਿੰਤਕ ਸ਼੍ਰੀ ਚਮਨ ਲਾਲ ਚਣਕੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਵਾਲੇ ਦਿਨ ਤੋਂ ਹੀ ਹਰ ਵਿਅਕਤੀ ਨੂੰ ਚਾਹੇ ਉਹ ਅਮੀਰ ਜਾਂ ਗਰੀਬ ਹੋਵੇ ਨੂੰ ਵੋਟ ਪਾਉਣ ਦਾ ਬਰਾਬਰ ਅਧਿਕਾਰ ਪ੍ਰਾਪਤ ਹੋਇਆ ਹੈ। ਭਾਰਤੀ ਸੰਵਿਧਾਨ ਦੀ ਬਦੌਲਤ ਹਜ਼ਾਰਾਂ ਸਾਲਾਂ ਤੋਂ ਮਾਨਵੀ ਅਧਿਕਾਰਾਂ ਤੋਂ ਵੰਚਿਤ ਸਮਾਜ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਮਾਣ ਪ੍ਰਾਪਤ ਹੋਇਆ ਹੈ। ਅੱਜ ਦੇਸ਼ ਵਿੱਚ ਦਿਨੋਂ ਦਿਨ ਅੰਧ ਵਿਸਵਾਸ਼, ਕਰਮਕਾਂਡ, ਜਾਤ-ਪਾਤ, ਫਿਰਕਾਪ੍ਰਸਤੀ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ। ਜਿਸ ਦੇ ਭਵਿੱਖ ਵਿੱਚ ਖਤਰਨਾਕ ਨਤੀਜੇ ਸਾਹਮਣੇ ਆਉਣਗੇ। ਨਾਗਰਿਕਾ ਦੇ ਪ੍ਰਗਟਾਵੇ ਦੀ ਅਜਾਦੀ ਖਤਮ ਕੀਤੀ ਜਾ ਰਹੀ ਹੇ। ਬੇਸ਼ੱਕ ਭਾਰਤ ਦੇ ਲੋਕ ਅੱਜ ਆਪਣਾ 75 ਵਾਂ ਗਣਤੰਤਰ ਦਿਵਸ ਮਨਾ ਰਹੇ ਹਨ, ਪਰ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਵਿਵਸਥਾ ਵਿੱਚ ਵੀ ਕੋਈ ਬਹੁਤੀ ਤਬਦੀਲੀ ਨਹੀਂ ਆਈ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲ ਦਿੱਤਾ ਹੈ। ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਘਾਤਕ ਹੋਣਗੇ। ਉਪਰੰਤ ਡਿਪਟੀ ਕਮਾਂਡੈਂਟ ਸ਼੍ਰੀ ਨਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿਚ ਧਰਮ ਦੇ ਨਾਮ ਤੇ ਚੱਲ ਰਹੀਆਂ ਕਰਮਕਾਂਡਾਂ ਅਤੇ ਮਾਨਤਾਵਾਂ ਨਾਲ ਭਾਰਤੀ ਸੰਵਿਧਾਨ ਦਾ ਅਪਮਾਨ ਹੋ ਰਿਹਾ ਹੈ। ਬੇਸ਼ੱਕ ਅਸੀਂ ਵਿਗਿਆਨ ਦੇ ਯੁੱਗ ਵਿੱਚ ਜੀਅ ਰਹੇ ਹਾਂ, ਪਰ ਸਾਡੀ ਸੋਚ ਗੈਰ-ਸੰਵਿਧਾਨਿਕ ਹੈ। ਜੇਕਰ ਅਸੀਂ ਦੇਸ਼ ਨੂੰ ਹੋਰ ਉਚਾਈਆਂ ਤੇ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਸੁਸਾਇਟੀ ਦੇ ਬੱਚਿਆਂ ਨੂੰ ਸਾਹਿੱਤਕ ਤੌਰ ਤੇ ਮਜਬੂਤ ਲਈ ਪ੍ਰਬੁੱਧ ਭਾਰਤ ਸੰਸਥਾਂ ਵਲੋਂ ਡਾਕਟਰ ਅੰਬੇਡਕਰ ਦਾ ਸੁਨੇਹਾ ਪੁਸਤਕ ਤੇ ਮੁਕਾਬਲੇ ਕਰਵਾਏ ਗਏ ਸੀ। ਇਸ ਮੁਕਾਬਲੇ ਵਿੱਚ ਆਰ ਸੀ ਐਫ ਦੇ ਵੱਖ-ਵੱਖ ਪਿੰਡਾਂ ਦੇ ਜਿਹਨਾਂ ਪ੍ਰਤੀਯੋਗੀਆਂ ਨੇ ਭਾਗ ਲਿਆ ਤੇ 50% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ 250/- ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਸ਼ਨਰੀ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਕਵੀ ਸ਼੍ਰੀ ਰਣਜੀਤ ਸਪਨਾ, ਅਬਰਾਰ ਅਨਸਾਰੀ, ਝਲਮਣ ਸਿੰਘ, ਜਸਪਾਲ ਚੌਹਾਲ, ਰਾਜ ਕੁਮਾਰ ਪ੍ਰਜਾਪਤੀ, ਧਰਮ ਪਾਲ ਪੈਂਥਰ ਆਦਿ ਨੇ ਬਹੁਜਨ ਮਹਾਂਪੁਰਖਾਂ ਦੇ ਜੀਵਨ ਅਤੇ ਮਿਸ਼ਨ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਸਰਕਾਰੀ ਮਿਡਲ ਸਕੂਲ ਆਰ ਸੀ ਐਫ ਦੇ ਬੱਚਿਆਂ ਨੇ "ਮੇਰਾ ਰੰਗ ਦੇ ਬਸੰਤੀ ਚੌਲਾ" ਕੋਰਿਓਗ੍ਰਾਫੀ ਪੇਸ਼ ਕਰਕੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਇਸ ਤੋਂ ਇਲਾਵਾ ਆਲ ਇੰਡੀਆ ਐਸ ਸੀ/ਐਸ ਟੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਣ ਬੈਠਾ, ਓ ਬੀ ਸੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਉਮਾ ਸ਼ੰਕਰ ਸਿੰਘ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਮੱਲ ਆਦਿ ਨੇ ਭਾਰਤੀ ਸੰਵਿਧਾਨ ਵਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਪਤਵੰਤੇ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਜਲਦੀ ਹੀ ਸੁਸਾਇਟੀ ਕੰਪਿਊਟਰ ਸੈਂਟਰ ਤੇ ਕੋਚਿੰਗ ਸੈਂਟਰ ਖੋਲਣ ਜਾ ਰਹੀ ਹੈ। ਸਮਾਗਮ ਧੂੰਏ ਸਫਲ ਬਣਾਉਣ ਲਈ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਉਪ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਐਡੀਟਰ ਦੇਸ਼ ਰਾਜ, ਅਸ਼ੋਕ ਭਾਰਤੀ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਗੁਰਬਖਸ਼ ਸਲੋਹ, ਪ੍ਰੇਮ ਕੁਮਾਰ ਕਪੂਰਥਲਾ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ,  ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਸ਼ਿਵ ਕੁਮਾਰ ਸੁਲਤਾਨਪੁਰੀ, ਮਨਜੀਤ ਸਿੰਘ ਕੈਲਪੁਰੀਆ, ਮਦਨ ਲਾਲ ਸੂਦ, ਸੋਨੂੰ ਆਰੀਆਵਾਲ, ਅਸ਼ੋਕ ਕੁਮਾਰ, ਹਰਦੀਪ ਸਿੰਘ, ਕ੍ਰਿਸ਼ਨ ਸਿੰਘ, ਅਰਵਿੰਦ ਕੁਮਾਰ,ਜਗਜੀਵਨ ਰਾਮ, ਗੁਰਮੁੱਖ ਸਿੰਘ, ਪ੍ਰਨੀਸ਼ ਕੁਮਾਰ, ਬ੍ਰਹਮ ਦਾਸ, ਰਜਿੰਦਰ ਸਿੰਘ, ਅਮਰਜੀਤ ਰੁੜਕੀ, ਆਰ ਕੇ ਪਾਲ ਅਤੇ ਸੁਰੇਸ਼ ਚੰਦਰ ਬੋਧ ਆਦਿ ਨੇ ਅਹਿਮ ਭੂਮਿਕਾ ਨਿਭਾਈ।