ਊਨਾ, 2 ਜਨਵਰੀ - ਟਰੱਕ ਅਪਰੇਟਰਾਂ ਦੀ ਹੜਤਾਲ ਕਾਰਨ ਊਨਾ ਜ਼ਿਲ੍ਹੇ 'ਚ ਪਿਛਲੇ ਦੋ ਦਿਨਾਂ ਤੋਂ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਠੱਪ ਹੈ, ਜਿਸ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਲੋੜ ਅਨੁਸਾਰ ਨਹੀਂ ਹੋ ਰਹੀ | ਇਸ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਪੈਟਰੋਲੀਅਮ ਪਦਾਰਥਾਂ ਦੀ ਘਾਟ ਪੈਦਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਰਾਘਵ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਹੋਰਡਿੰਗ ਅਤੇ ਮੁਨਾਫਾਖੋਰੀ ਰੋਕਥਾਮ ਹੁਕਮ 1977 ਨੂੰ ਧਿਆਨ ਵਿੱਚ ਰੱਖਦਿਆਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਆਪਰੇਟਰਾਂ ਨੂੰ ਐਮਰਜੈਂਸੀ ਸਥਿਤੀਆਂ ਲਈ ਘੱਟੋ-ਘੱਟ ਰਾਖਵੇਂ ਪੈਟਰੋਲੀਅਮ ਪਦਾਰਥਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 25 ਹਜ਼ਾਰ ਜਾਂ ਇਸ ਤੋਂ ਵੱਧ ਦੀ ਸਮਰੱਥਾ ਵਾਲੇ ਪੈਟਰੋਲ ਅਤੇ ਡੀਜ਼ਲ ਪੰਪਾਂ ਨੂੰ ਐਮਰਜੈਂਸੀ ਸਥਿਤੀਆਂ ਲਈ ਘੱਟੋ-ਘੱਟ 3 ਹਜ਼ਾਰ ਡੀਜ਼ਲ ਅਤੇ 2 ਹਜ਼ਾਰ ਪੈਟਰੋਲ ਰਾਖਵਾਂ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ 25 ਹਜ਼ਾਰ ਤੋਂ ਘੱਟ ਸਮਰੱਥਾ ਵਾਲੇ ਡੀਜ਼ਲ ਅਤੇ ਪੈਟਰੋਲ ਪੰਪਾਂ 'ਤੇ ਐਮਰਜੈਂਸੀ ਲਈ ਘੱਟੋ-ਘੱਟ 2 ਹਜ਼ਾਰ ਡੀਜ਼ਲ ਅਤੇ 1 ਹਜ਼ਾਰ ਪੈਟਰੋਲ ਦੀ ਸਮਰੱਥਾ ਰਾਖਵੀਂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਪੰਪ ਚਾਲਕਾਂ ਨੂੰ ਇੱਕ ਵਾਰ ਵਿੱਚ ਸਿਰਫ਼ 10 ਲੀਟਰ ਤੇਲ ਭਰਨ ਦੇ ਹੁਕਮ ਦਿੱਤੇ ਹਨ। ਜੇਕਰ ਕੋਈ ਵਾਹਨ ਮਾਲਕ ਇਸ ਤੋਂ ਵੱਧ ਤੇਲ ਭਰਨ ਲਈ ਕਹਿੰਦਾ ਹੈ ਤਾਂ ਉਸ ਨੂੰ ਸਬੰਧਤ ਐਸ.ਡੀ.ਐਮ ਤੋਂ ਮਨਜ਼ੂਰੀ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਵਾਹਨ ਦੀ ਟੈਂਕੀ ਤੋਂ ਇਲਾਵਾ ਕਿਸੇ ਹੋਰ ਡੱਬੇ ਵਿੱਚ ਤੇਲ ਨਹੀਂ ਪਾਇਆ ਜਾਵੇਗਾ। ਰਾਘਵ ਸ਼ਰਮਾ ਨੇ ਕਿਹਾ ਕਿ ਐਮਰਜੈਂਸੀ ਵਾਹਨ ਜਿਵੇਂ ਐਂਬੂਲੈਂਸ, ਫਾਇਰ ਬ੍ਰਿਗੇਡ ਜਾਂ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਵਾਹਨ, ਜਨਤਕ ਟਰਾਂਸਪੋਰਟ ਵਾਹਨਾਂ ਨੂੰ ਤੇਲ ਭਰਨ ਵਿੱਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸੇ ਵੀ ਡੀਲਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਜਮਾਂਬੰਦੀ ਜਾਂ ਕਾਲਾਬਾਜ਼ਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।