ਜਲੰਧਰ:- ''ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਤਿਹਾਸਕ ਪੱਖੋਂ ਮਹੱਤਵਪੂਰਣ ਅਤੇ ਅਜੋਕੇ ਸਮੇਂ ਦੇ ਭਖ਼ਦੇ ਸੁਆਲਾਂ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਮੁਖ਼ਾਤਖ ਹੁੰਦਿਆਂ ਦਰਸਾ ਦਿੱਤਾ ਕਿ ਆਪਣੇ ਇਤਿਹਾਸ ਅਤੇ ਮਹਿਬੂਬ ਸ਼ਹੀਦਾਂ ਦੀ ਕਹਾਣੀ ਨੂੰ ਪੂਰੀ ਕਰਨ ਵੱਲ ਜਾਂਦੇ ਮਾਰਗ ਉਘਾੜਨ ਦੀ ਲੋੜ ਹੈ।'' ਇਹ ਸੀ ਕੇਂਦਰੀ ਸੁਨੇਹਾ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਏ ਗਏ ਸ਼ਹੀਦ ਊਧਮ ਸਿੰਘ ਯਾਦਗਾਰੀ ਸਮਾਗਮ ਦਾ। ਅੱਜ ਦੇ ਸਮਾਗਮ ਦਾ ਨਿਸ਼ਚਤ ਵਿਸ਼ਾ-ਵਸਤੂ ਸੀ ਮੁਲਕ ਦੇ ਉੱਘੇ ਖੋਜ਼ੀ ਲੇਖਕ, ਇਤਿਹਾਸਕਾਰ ਅਤੇ ਰੰਗ ਕਰਮੀ ਸ਼ਮਸੁਲ ਇਸਲਾਮ ਦੀ ਲਿਖੀ ਕਿਤਾਬ, ''ਭਾਰਤ-ਵੰਡ ਵਿਰੋਧੀ ਮੁਸਲਮਾਨ''। 
ਪੰਜਾਬੀ ਵਿੱਚ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਅਨੁਵਾਦਿਤ ਇਸ ਪੁਸਤਕ ਉਪਰ ਇਸ ਸਮਾਗਮ ਮੌਕੇ ਰੱਖੀ ਵਿਚਾਰ-ਚਰਚਾ ਦੇ ਮੁੱਖ ਵਕਤਾ ਵੀ ਬੂਟਾ ਸਿੰਘ ਮਹਿਮੂਦਪੁਰ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਨੇ ਕਿਹਾ ਕਿ ਮਹਾਨ ਸ਼ਹੀਦ ਊਧਮ ਸਿੰਘ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਪ੍ਰੇਰਨਾ ਲੈ ਕੇ, ਖ਼ਾਸ ਕਰਕੇ ਚੜ੍ਹਦੀ ਜੁਆਨੀ ਨੂੰ ਦੇਸ਼ ਪ੍ਰਦੇਸ਼ ਅੰਦਰ ਰੁਲਣ ਦੀ ਬਜਾਏ ਗ਼ਦਰੀ ਦੇਸ਼ ਭਗਤਾਂ, ਊਧਮ ਸਿੰਘ ਅਤੇ ਇਸ ਤੋਂ ਅਗਲੀ ਲੜੀ ਦੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਆਪਣੀਆਂ ਜ਼ਿੰਦੜੀਆਂ ਆਜ਼ਾਦੀ, ਜਮਹੂਰੀਅਤ, ਬਰਾਬਰੀ ਦੇ ਮਹਾਨ ਕਾਜ਼ ਲਈ ਸਮਰਪਤ ਕਰਨ ਦੀ ਲੋੜ ਹੈ।
 ਊਧਮ ਸਿੰਘ ਸ਼ਹੀਦੀ ਸਮਾਗਮ ਮੌਕੇ ਰੱਖੀ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਕੁੰਜ਼ੀਵਤ ਭਾਸ਼ਣ 'ਚ ਕਿਹਾ ਕਿ, ''ਸ਼ਮਸੁਲ ਇਸਲਾਮ ਦੀ ਪੁਸਤਕ, ''ਭਾਰਤ-ਵੰਡ ਵਿਰੋਧੀ ਮੁਸਲਮਾਨ'' ਅਤੀਤ ਦੀ ਬੁੱਕਲ ਵਿੱਚ ਛੁਪੀ ਪਈ ਜਾਂ ਇਉਂ ਕਹੀਏ ਕਿ ਛੁਪਾ ਦਿੱਤੀ ਸਾਡੀ ਸਾਂਝੀ, ਅਮੀਰ ਇਤਿਹਾਸਕ ਵਿਰਾਸਤ ਦਾ ਅਨਮੋਲ ਇਤਿਹਾਸਕ ਖ਼ਜਾਨਾ ਉਘਾੜਕੇ ਸਾਡੇ ਰੂ-ਬ-ਰੂ ਕਰਦੀ ਹੈ ਜਿਸ ਉਪਰ ਇੱਕ ਨਹੀਂ ਸਗੋਂ ਸੰਵਾਦ-ਚਰਚਾਵਾਂ ਦੀ ਨਿਰੰਤਰ ਲੜੀ ਲੋੜੀਂਦੀ ਹੈ।'' 
ਉਹਨਾਂ ਕਿਹਾ ਕਿ ਸ਼ਮਸੁਲ ਇਸਲਾਮ ਠੋਸ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ਼ ਪੁਸਤਕ ਨੂੰ ਇਹ ਅਮੀਰੀ ਪ੍ਰਦਾਨ ਕਰਦਾ ਹੈ ਕਿ ਉੱਚੀ ਸੁੱਚੀ ਸੋਚ ਦੇ ਮਾਲਕ ਦੇਸ਼-ਪ੍ਰੇਮੀ ਮੁਸਲਮਾਨਾਂ ਦੀ ਆਜ਼ਾਦੀ ਜੱਦੋ ਜਹਿਦ ਮੌਕੇ ਲੰਮੀ, ਸਿਰੜੀ ਦੇਣ ਅਤੇ ਮੁਲਕ ਦੀ ਵੰਡ ਮੌਕੇ ਨਿਭਾਈ ਸ਼ਾਨਾਮੱਤੀ ਭੂਮਿਕਾ ਨੂੰ ਕਿਸੇ ਵੀ ਫ਼ਿਰਕੂ ਫਾਸ਼ੀ ਗਰਦਸ਼ ਵਿੱਚ ਦਬਾਇਆ ਨਹੀਂ ਜਾ ਸਕਦਾ। ਬੂਟਾ ਸਿੰਘ ਨੇ ਕਿਹਾ ਕਿ ਮੁਸਲਿਮ ਲੀਗ ਦੀ ਫ਼ਿਰਕੂ ਰਾਜਨੀਤੀ ਦੇ ਖ਼ਿਲਾਫ਼ ਇੱਕ ਸਾਂਝੇ ਭਾਰਤ ਲਈ ਸੰਘਰਸ਼ਸ਼ੀਲ ਮੁਸਲਮਾਨਾਂ ਦੀ ਅਗਵਾਈ ਕਰਨ ਤੋਂ ਇਲਾਵਾ ਅੱਲ੍ਹਾ ਬਖ਼ਸ਼ ਨੇ ਅੰਗਰੇਜ਼ਾਂ ਦੇ ਤਾਨਾਸ਼ਾਹ ਰਾਜ ਨੂੰ ਵੰਗਾਰਨ ਦਾ ਰਾਹ ਚੁਣਿਆਂ। 
ਹਰ ਵੰਨਗੀ ਦੀ ਫ਼ਿਰਕਾਪ੍ਰਸਤੀ, ਕੱਟੜਤਾ ਅਤੇ ਤੰਗ ਨਜ਼ਰੀ ਖ਼ਿਲਾਫ਼ ਸਾਂਝੇ ਵਤਨ ਦੀ ਆਜ਼ਾਦੀ ਲਈ ਜੂਝਣ ਦਾ ਪੈਗ਼ਾਮ ਦੇਣ ਕਾਰਨ ਹੀ ਅੱਲ੍ਹਾ ਬਖ਼ਸ਼ ਨੂੰ 14 ਮਈ 1943 ਨੂੰ ਕਤਲ ਕਰ ਦੇਣ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਲਹੂ ਦੀ ਗਾਥਾ ਨੂੰ ਕਿਵੇਂ ਭੁਲਾਇਆ ਜਾਂ ਮੇਟਿਆ ਜਾ ਸਕਦਾ ਹੈ ਜਿਨ੍ਹਾਂ ਮੁਸਲਮਾਨ ਆਗੂਆਂ ਨੇ ਧਰਮ, ਫ਼ਿਰਕੇ ਤੋਂ ਕਿਤੇ ਉੱਚੇ ਉਠਕੇ ਮੁਲਕ ਦੀ ਆਜ਼ਾਦੀ ਲਈ ਆਪਾ ਵਾਰਿਆ। ਪ੍ਰੋ. ਤੇਜਿੰਦਰ ਵਿਰਲੀ ਨੇ ਕਿਤਾਬ ਦੇ ਮਹੱਤਵਪੂਰਣ ਪੱਖਾਂ ਦੀ ਸਿਫ਼ਤ ਕਰਦਿਆਂ ਵਿਸ਼ੇਸ਼ ਨੁਕਤੇ 'ਤੇ ਉਂਗਲ ਧਰੀ ਕਿ ਕਿਤਾਬ ਬਰਤਾਨਵੀ ਸਾਮਰਾਜ ਦੇ ਕੋਝੇ ਮਨਸ਼ਿਆਂ ਅਤੇ ਫ਼ਿਰਕੇਦਾਰਾਨਾ ਕੰਧਾਂ ਕੱਢਣ ਅਤੇ ਨਫ਼ਰਤ ਦੇ ਝੱਖੜ ਝੁਲਾਉਣ ਦੇ ਕੁਕਰਮਾਂ ਦਾ ਜ਼ਿਕਰ ਨਹੀਂ ਕਰਦੀ ਜੋ ਕਿ ਹੋਣਾ ਚਾਹੀਦਾ ਸੀ। 
ਵਿਚਾਰ-ਚਰਚਾ ਦੇ ਪ੍ਰਧਾਨਗੀ ਮੰਡਲ ਦੀ ਤਰਫ਼ੋਂ ਸੰਬੋਧਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਮੁਲਕ ਦੇ ਮੌਜੂਦਾ ਨਾਜ਼ੁਕ ਦੌਰ ਅੰਦਰ ਸ਼ਮਸੁਲ ਇਸਲਾਮ ਦੀ ਕਿਤਾਬ ਬੇਹੱਦ ਮੂਲਵਾਨ ਹੈ। ਡਾ. ਪਰਮਿੰਦਰ ਨੇ ਕਿਹਾ ਕਿ ਅੱਜ ਜੰਤਰ ਮੰਤਰ ਅਤੇ ਮੁਲਕ ਦੇ ਅਲੱਗ-ਅਲੱਗ ਖੇਤਰਾਂ ਅੰਦਰ ਜਿਵੇਂ ਹਮਲੇ ਹੋ ਰਹੇ ਨੇ ਅਜੇਹੇ ਮੌਕੇ ਲੋਕ-ਪੱਖੀ, ਧਰਮ-ਨਿਰਪੱਖ ਤਾਕਤਾਂ ਨੂੰ ਸ਼ਕਤੀਸ਼ਾਲੀ ਹੋ ਕੇ ਮੈਦਾਨ 'ਚ ਨਿੱਤਰਨ ਦਾ ਸੁਨੇਹਾ ਦਿੰਦੀ ਹੈ ਅੱਜ ਦੀ ਵਿਚਾਰ-ਚਰਚਾ। 
ਅੱਜ ਦੇ ਸਮਾਗਮ ਦੇ ਮੰਚ ਸੰਚਾਲਕ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਅੰਦਰ ਵੇਲ਼ਾ ਬਹੁਤ ਨਾਜ਼ੁਕ ਹੈ, ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਆਪਣੀ ਤਾਕਤ ਦਾ ਕਿਲਾ ਉਸਾਰਨ ਦੀ ਲੋੜ ਹੈ। ਜੇਕਰ ਅਵੇਸਲੇ ਰਹੇ ਅਤੇ ਲੋਕ ਪੱਖੀ ਮਜ਼ਬੂਤ ਤਾਕਤ ਨਾ ਉਸਾਰੀ ਤਾਂ 'ਭਾਰਤ ਵੰਡ' ਨਾਲੋਂ ਵੀ ਕਿਤੇ ਗੰਭੀਰ ਹਾਲਾਤ ਨਾਲ ਮੱਥਾ ਲੱਗੇਗਾ।