ਅੰਬਾਲਾ, 1 ਜੁਲਾਈ:- ਧਨਿਓੜਾ ਪਿੰਡ ਵਿਚ ਖੁੱਲ੍ਹੇ ਬੋਰਵੈਲ ਵਿਚ ਖੇਡਦੇ ਸਮੇਂਂ ਡਿੱਗੇ 4 ਸਾਲਾ ਨਿਰਵੈਰ ਸਿੰਘ ਅਖੀਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। 21 ਘੰਟਿਆਂ ਦੀ ਜੱਦੋ ਜਦ ਤੋਂ ਬਾਅਦ  ਤੜਕੇ ਸਾਢੇ 3 ਵਜੇ ਦੇ ਕਰੀਬ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਲਿਜਾਇਆ ਗਿਆ ਪਰੰਤੂ ਉਦੋਂ ਤੱਕ ਉਸ ਦੇ ਪ੍ਰਾਣ ਪੰਖੇਰੂ ਹੋ ਚੁੱਕੇ ਸਨ।
ਨਿਰਵੈਰ ਕੱਲ੍ਹ ਸਵੇਰੇ ਖੇਡਦੇ ਸਮੇ ਵਰਤੋਂ ਬਾਰੇ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈਲ ਵਿਚ ਡਿਗ ਪਿਆ। ਸੂਚਨਾ ਮਿਲਦਿਆਂ ਹੀ ਭਾਰਤੀ ਫੌਜ, ਰਾਸ਼ਟਰ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ), ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸਡੀਆਰਐਫ) ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਈ ਏਜੰਸੀਆਂ ਨੇ ਤੇਜ਼ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਦੌਰਾਨ ਏਜੰਸੀਆਂ ਨੂੰ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਕਰੀਬ 60 ਫੁੱਟ ਦੀ ਡੂੰਘਾਈ ਤੋਂ ਤੰਗ ਬੋਰਵੈੱਲ ਵਿੱਚ ਪਾਣੀ ਲੀਕ ਹੋਣਾ ਸ਼ੁਰੂ ਹੋ ਗਿਆ। ਬੱਚਾ ਅਜਿਹੀ ਜਗ੍ਹਾ 'ਤੇ ਫਸ ਗਿਆ ਜਿੱਥੇ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਸੀ ਅਤੇ ਉਹ ਹੌਲੀ-ਹੌਲੀ ਡੁੱਬ ਰਿਹਾ ਸੀ।
ਰੁਕ ਰੁਕ ਕੇ ਪੈਂਦੇ ਮੀਂਹ ਅਤੇ ਮਿੱਟੀ ਦੇ ਖਿਸਕਣ ਕਰਕੇ ਬਚਾਅ ਟੀਮਾਂ ਨੂੰ ਆਪਣੇ ਬਚਾਅ ਤਰੀਕੇ ਵਾਰ-ਵਾਰ ਸੁਧਾਰਨੇ ਪਏ ਅਤੇ ਕਾਰਵਾਈ ਮੁੜ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ। ਐਨਡੀਆਰਐਫ ਦੇ ਸਹਾਇਕ ਕਮਾਡੈਂਟ ਅਨਿਲ ਕੁਮਾਰ ਨੇ ਦੱਸਿਆ ਕਿ ਬੱਚਾ ਪਾਣੀ ਨਾਲ ਭਰੇ ਬੋਰਵੈੱਲ ਵਿੱਚ ਫਸਿਆ ਹੋਇਆ ਸੀ। ਉਹ ਹੌਲੀ-ਹੌਲੀ ਡੁੱਬ ਰਿਹਾ ਸੀ ਅਤੇ ਪਾਣੀ ਦਾ ਪੱਧਰ ਵੱਧ ਰਿਹਾ ਸੀ। ਕਈ ਚੁਨੌਤੀਆਂ ਦੇ ਕਾਰਨ ਉਨ੍ਹਾਂ ਵਾਰ-ਵਾਰ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨਾ ਪਿਆ।
 ਉਨ੍ਹਾਂ ਇਹ ਵੀ ਕਿਹਾ ਕਿ ਬੱਚੇ ਨੂੰ ਕੱਢਣ ਦੇ ਆਖ਼ਰੀ ਪੜਾਵਾਂ ਦੌਰਾਨ ਟੀਮਾਂ ਨੂੰ ਜੀਵਨ ਦੇ ਕੋਈ ਸੰਕੇਤ ਨਹੀਂ ਮਿਲੇ। ਭਾਵੇਂ ਕੈਮਰੇ ਆਪਣਾ ਕੰਮ ਕਰ ਰਹੇ ਸਨ ਪਰੰਤੂ ਬੋਰਵੈਲ ਵਿਚ ਪਾਣੀ ਭਰਨ ਕਰਕੇ ਰੌਸ਼ਨੀ ਬਹੁਤ ਘੱਟ ਗਈ ਸੀ ਅਤੇ ਪਾਣੀ ਕੈਮਰੇ ਨੂੰ ਬੱਚੇ ਤੱਕ ਪਹੁੰਚਣ ਤੋਂ ਰੋਕ ਰਿਹਾ ਸੀ। ਬੱਚੇ ਦਾ ਸਿਰਫ਼ ਇੱਕ ਹੱਥ ਦਿਖਾਈ ਦੇ ਰਿਹਾ ਸੀ। ਉਸ ਹੱਥ ਨਾਲ ਰੱਸੀ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਣ ਅਤੇ ਫਿਰ ਉਸ ਨੂੰ ਉੱਪਰ ਵੱਲ ਖਿੱਚਣ ਦੀ ਰਣਨੀਤੀ ਤਿਆਰ ਕੀਤੀ ਗਈ। 
ਕਰੀਬ ਸਾਢੇ 12 ਵਜੇ ਨਿਰਵੈਰ ਰੱਸੀ ਨਾਲ ਜੁੜੇ ਹੁੱਕ ਵਿੱਚ ਫਸ ਗਿਆ ਪਰ ਪਾਣੀ ਉਸ ਦੀ ਪਕੜ ਢਿੱਲੀ ਕਰਦਾ ਰਿਹਾ। ਫਿਰ ਉਹ ਬੋਰਵੈੱਲ ਵਿੱਚ ਕੁਝ ਫੁੱਟ ਡੂੰਘਾ ਹੋਰ ਖਿਸਕ ਗਿਆ। ਇਸ ਘਟਨਾ ਨੇ ਬਚਾਅ ਟੀਮ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ। ਦੁਪਹਿਰ 3:30 ਵਜੇ ਭਾਰੀ ਮੀਂਹ ਪਿਆ। ਬਚਾਅ ਟੀਮਾਂ ਨੇ ਤੁਰੰਤ ਤੰਬੂ ਅਤੇ ਛਤਰੀਆਂ ਲਗਾ ਕੇ ਬੋਰਵੈੱਲ ਨੂੰ ਢੱਕ ਦਿੱਤਾ। ਸਾਰੀ ਰਾਤ ਚੱਲੀ ਗੁੰਝਲਦਾਰ ਕਾਰਵਾਈ ਬੁੱਧਵਾਰ ਸਵੇਰੇ 3:30 ਵਜੇ ਸਫਲ ਰਹੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਖੁਦਾਈ ਅਤੇ ਖੋਜ ਕਰਨ ਤੋਂ ਬਾਅਦ ਬਚਾਅ ਟੀਮ ਨੇ 4 ਸਾਲ ਦੇ ਬੱਚੇ ਨੂੰ ਜਦੋਂ ਤੜਕੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਤਾਂ ਸਿਹਤ ਵਿਭਾਗ ਦੀ ਐਂਬੂਲੈਂਸ ਤੁਰੰਤ ਸਿਟੀ ਹਸਪਤਾਲ ਲੈ ਗਈ। ਮੈਡੀਕਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੱਚੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਸਿਟੀ ਹਸਪਤਾਲ ਦੇ ਮੈਡੀਕਲ ਅਫਸਰ ਡਾ. ਰਿਸ਼ੀਪਾਲ ਨੇ ਕਿਹਾ, "ਅਸੀਂ ਬੱਚੇ ਨੂੰ ਬਚਾਏ ਜਾਣ ਤੋਂ ਤੁਰੰਤ ਬਾਅਦ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਹਸਪਤਾਲ ਵਿੱਚ ਈਸੀਜੀ ਕੀਤੀ ਤਾਂ ਉਸ ਨੂੰ 'ਮ੍ਰਿਤਕ ਲਿਆਂਦਾ ਗਿਆ' ਐਲਾਨ ਦਿੱਤਾ ਗਿਆ।" ਬੱਚੇ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ਵਿਚ ਕਿਸੇ ਨੇ ਚੁੱਲ੍ਹਾ ਨਹੀਂ ਬਾਲਿਆ ਅਤੇ ਹਰ ਅੱਖ ਨਮ ਹੋ ਗਈ।
ਅੱਜ ਦੁਪਹਿਰ ਬਾਅਦ ਸਿਵਲ ਹਸਪਤਾਲ ਵਿੱਚ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮਾਸੂਮ ਬੱਚੇ ਦੀ ਲਾਸ਼ ਪਿੰਡ ਪਹੁੰਚਦੇ ਹੀ ਮਾਹੌਲ ਗਮਗੀਨ ਹੋ ਗਿਆ। ਅੰਬਾਲਾ ਕੈਂਟ ਸਿਵਲ ਹਸਪਤਾਲ ਤੋਂ ਵਿਸ਼ੇਸ਼ ਤੌਰ ਤੇ ਪੋਸਟ ਮਾਰਟਮ ਕਰਨ ਲਈ ਪਹੁੰਚੇ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਕਰੀਬ 4 ਵਜੇ ਸਵੇਰੇ ਬੱਚੇ ਦੀ ਬਾਡੀ ਲਿਆਂਦੀ ਗਈ ਸੀ।ਪੋਸਟ ਮਾਰਟਮ ਵਿਚ ਦੇਖਿਆ ਕਿ ਬੱਚੇ ਦੇ ਸਿਰ ਅਤੇ ਛਾਤੀ ਤੇ ਸੱਟਾਂ ਦੇ ਨਿਸ਼ਾਨ ਸਨ, ਰਗੜਾਂ ਲੱਗੀਆਂ ਹੋਈਆਂ ਸਨ, ਇਸ ਤੋਂ ਬਿਨਾ ਡੁੱਬਣ ਕਰਕੇ ਪਾਣੀ ਦੇ ਅੰਸ਼ ਵੀ ਉਸ ਦੇ ਫੇਫੜਿਆਂ ਵਿਚੋਂ ਮਿਲੇ ਹਨ। 
ਮ੍ਰਿਤਕ ਬੱਚੇ ਦੇ ਚਾਚੇ ਹਰਿੰਦਰ ਸਿੰਘ ਨੇ ਦੱਸਿਆ ਕਿ ਟੀਮਾਂ 21 ਘੰਟਿਆਂ ਬਾਅਦ ਬੱਚੇ ਨੂੰ ਬਾਹਰ ਕੱਢਣ ਵਿਚ ਸਫਲ ਹੋਈਆਂ। ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਿਆ, ਸਰਪੰਚ ਸਾਹਿਬ ਪੂਰੇ ਪਿੰਡ ਵਾਸੀਆਂ ਦਾ ਆਸ-ਪਾਸ  ਦੇ ਪਿੰਡਾਂ ਦੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ। ਲੰਗਰ ਦੀ ਸੇਵਾ ਵੀ ਕੀਤੀ ਗਈ। ਹਰ ਛੋਟੇ ਤੋਂ ਵੱਡਾ ਇਨਸਾਨ ਪਹੁੰਚਿਆ, ਬੱਚਾ ਜ਼ਿਆਦਾ ਡੂੰਘਾਈ ਵਿਚ ਚਲਾ ਗਿਆ ਸੀ, ਇਸ ਲਈ ਟਾਈਮ ਲੱਗ ਗਿਆ। ਏਜੰਸੀਆਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਦੋ-ਤਿੰਨ ਵੇਰ ਨਾਕਾਮ ਵੀ ਹੋਏ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਤੋਂ ਭਾਈ ਨੂੰ ਬੁਲਾ ਕੇ ਉਸ ਦੀ ਸਹਾਇਤਾ ਲਈ ਅਤੇ 21 ਘੰਟੇ ਬਾਅਦ ਬੱਚੇ ਨੂੰ ਬਾਹਰ ਲਿਆਂਦਾ ਗਿਆ। ਉਸ ਨੇ ਕਿਹਾ ਕਿ ਵਰਤੋਂ ਬਾਹਰਾ ਬੋਰ ਖੁੱਲ੍ਹਾ ਪਿਆ ਸੀ, ਜੇ ਬੰਦ ਹੁੰਦਾ ਤਾਂ ਇਹ ਦੁਖਾਂਤ ਨਾ ਵਾਪਰਦਾ। ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਕਰਨੀ ਪਵੇਗੀ। 
ਜਾਣਕਾਰੀ ਅਨੁਸਾਰ ਅੰਬਾਲਾ ਸਦਰ ਪੁਲੀਸ ਨੇ ਬੋਰਵੈਲ ਖੁੱਲ੍ਹਾ ਛੱਡਣ ਵਾਲੇ ਖ਼ਿਲਾਫ਼  ਮਾਮਲਾ ਦਰਜ ਕਰ ਲਿਆ ਹੈ।