ਹੁਸ਼ਿਆਰਪੁਰ:- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਵਧਾਉਣ ਅਤੇ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਦਾਖਲਾ ਮੁਹਿੰਮ ਦੀ ਸ਼ੁਰੂਆਤ ਅੱਜ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਦਾਖ਼ਲਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜੋ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਏਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਕਲਾਸਰੂਮ ਆਧੁਨਿਕ ਤਕਨੀਕ ਨਾਲ ਲੈਸ ਕੀਤੇ ਗਏ ਹਨ ਅਤੇ ਅਧਿਆਪਕਾਂ ਦੀ ਯੋਗਤਾ ਵਧਾਉਣ ਲਈ ਵਿਸ਼ੇਸ਼ ਤਰਬੀਅਤੀ ਪ੍ਰੋਗਰਾਮ ਚਲਾਏ ਜਾ ਰਹੇ ਹਨ। ਸਕੂਲ ਆਫ ਐਮੀਨੈਂਸ ਵਰਗੇ ਸੰਸਥਾਨ ਬੱਚਿਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ, ਜਿੱਥੇ ਮੁਫ਼ਤ ਸਿੱਖਿਆ ਦੇ ਨਾਲ ਨਾਲ ਵਰਦੀਆਂ, ਕਿਤਾਬਾਂ, ਮਿਡ-ਡੇ ਮੀਲ ਅਤੇ ਆਧੁਨਿਕ ਸਹੂਲਤਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਤੋਂ ਘੱਟ ਨਹੀਂ ਹਨ ਅਤੇ ਇਥੋਂ ਪੜ੍ਹ ਕੇ ਬੱਚੇ ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ।
ਇਸ ਮੌਕੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਦਾਖਲਾ ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ ਅਗਲੇ ਕਈ ਦਿਨਾਂ ਤੱਕ ਚਲਾਈ ਜਾਵੇਗੀ। ਦਾਖ਼ਲਾ ਵੈਨ ਰਾਹੀਂ ਹਰ ਪਿੰਡ ਅਤੇ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਦਾਖਲਿਆਂ ਦੀ ਪ੍ਰਕਿਰਿਆ, ਸਕੂਲਾਂ ਦੀਆਂ ਸਹੂਲਤਾਂ ਅਤੇ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਸਕੂਲ ਪ੍ਰਬੰਧਕਾਂ ਵੱਲੋਂ ਵੀ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਰਾਹੀਂ ਮਾਪਿਆਂ ਨੂੰ ਸਕੂਲ ਆਫ ਐਮੀਨੈਂਸ ਦੇ ਅਧਿਆਪਨ ਮਾਡਲ, ਲੈਬੋਰਟਰੀਆਂ, ਖੇਡ ਮੈਦਾਨਾਂ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਅੰਤ ਵਿੱਚ ਡਿਪਟੀ ਸਪੀਕਰ ਰੌੜੀ ਨੇ ਸਿੱਖਿਆ ਵਿਭਾਗ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਲੋਕਾਂ ਦਾ ਭਰੋਸਾ ਸਰਕਾਰੀ ਸਕੂਲਾਂ ’ਤੇ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਦਾਖਲਿਆਂ ਵਿੱਚ ਇਤਿਹਾਸਕ ਵਾਧਾ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲਿਮੈਂਟਰੀ) ਹੁਸ਼ਿਆਰਪੁਰ ਸ਼੍ਰੀਮਤੀ ਹਰਜਿੰਦਰ ਕੌਰ, ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ, ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ, ਸ਼੍ਰੀ ਗੁਰਦੇਵ ਸਿੰਘ ਢਿੱਲੋਂ (ਬੀ.ਐੱਨ.ਓ. ਗੜ੍ਹਸ਼ੰਕਰ-1), ਸ਼੍ਰੀ ਜਸਵੀਰ ਸਿੰਘ (ਬੀ.ਐੱਨ.ਓ. ਗੜ੍ਹਸ਼ੰਕਰ-2), ਬੀ.ਆਰ.ਸੀ. ਨਰਿੰਦਰ ਪਾਲ, ਕਮਲਜੀਤ ਸਿੰਘ, ਸੀ.ਐਚ.ਟੀ., ਐਚ.ਟੀ. ਸਾਹਿਬਾਨ ਅਤੇ ਬਲਾਕ ਗੜ੍ਹਸ਼ੰਕਰ-1 ਅਤੇ 2 ਦੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ।