ਪਟਿਆਲਾ:- ਸਨੌਰੀ ਅੱਡੇ ਨੇੜੇ ਗੋਪਾਲ ਕਲੋਨੀ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਕੁੱਟਮਾਰ ਅਤੇ ਧਾਰਮਿਕ ਮੂਰਤੀਆਂ ਦੀ ਭੰਨਤੋੜ ਦੀ ਘਟਨਾ ਨੂੰ ਲੈ ਕੇ **ਭਾਰਤੀਯ ਵਾਲਮੀਕਿ ਧਰਮ ਸਮਾਜ** ਦੇ ਰਾਸ਼ਟਰੀ ਸਲਾਹਕਾਰ **ਵੀਰ ਪ੍ਰੇਮ ਖੋੜਾ** ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਸਮੇਤ ਐਸ.ਐਸ.ਪੀ. ਪਟਿਆਲਾ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਕਿ ਕੁਝ ਨੌਜਵਾਨਾਂ ਨੇ ਇੱਕ ਗਰੀਬ ਦਲਿਤ ਅਤੇ ਹਿੰਦੂ ਪਰਿਵਾਰ ਨਾਲ ਕਥਿਤ ਤੌਰ 'ਤੇ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕੀਤਾ ਅਤੇ ਘਰ ਵਿੱਚ ਸਥਾਪਤ ਸ੍ਰੀ ਖਾਟੂ ਸ਼ਿਆਮ ਅਤੇ ਭਗਵਾਨ ਵਾਲਮੀਕਿ ਦੀਆਂ ਮੂਰਤੀਆਂ ਦੀ ਭੰਨਤੋੜ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਵੀਰ ਪ੍ਰੇਮ ਖੋੜਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਨੀਅਤ ਨਾਲ ਘੱਟ ਗਿਣਤੀ ਹਿੰਦੂ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਅਤੇ ਪੂਜਾ ਅਸਥਾਨ ਵਿੱਚ ਸਥਾਪਤ ਮੂਰਤੀਆਂ ਦੀ ਭੰਨਤੋੜ ਕੀਤੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੀੜਤ ਪਰਿਵਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨਾਲ ਕਥਿਤ ਤੌਰ 'ਤੇ ਰੰਜਿਸ਼ ਰੱਖੀ ਜਾਂਦੀ ਹੈ ਅਤੇ ਧਰਮ ਅਤੇ ਜਾਤੀ ਨੂੰ ਲੈ ਕੇ ਅਪਮਾਨਜਨਕ ਸ਼ਬਦ ਬੋਲੇ ਜਾਂਦੇ ਹਨ। ਵਿਰੋਧ ਕਰਨ 'ਤੇ ਕਥਿਤ ਦੋਸ਼ੀਆਂ ਨੇ ਇਕੱਠ ਕਰਕੇ ਘਰ ਵਿੱਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ, ਜਿਸ ਵਿੱਚ ਇੱਕ ਗਰਭਵਤੀ ਲੜਕੀ ਵੀ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ।
ਭਾਰਤੀਯ ਵਾਲਮੀਕਿ ਧਰਮ ਸਮਾਜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਇਸ ਮੌਕੇ **ਰਜਿੰਦਰ ਵੈਦ, ਰਾਹੁਲ ਬਡੂੰਗਰ, ਦੀਪਕ ਕੁਮਾਰ ਵਾਲਮੀਕਿ, ਵਰੁਣ, ਲਕਸ਼ੈ, ਮੁਕੱਦਰ, ਡੈਨੀ, ਲਕਸ਼ਮੀ, ਕਾਜਲ, ਲਕਸ਼ਮੀ ਦੇਵੀ, ਸੰਜਨਾ, ਛੋਟੇ ਲਾਲ, ਅੰਸੂ** ਸਮੇਤ ਪੀੜਤ ਪਰਿਵਾਰ ਦੇ ਮੈਂਬਰ ਵੀ ਐਸ.ਐਸ.ਪੀ. ਦਫ਼ਤਰ ਵਿਖੇ ਮੌਜੂਦ ਸਨ।