ਹੁਸ਼ਿਆਰਪੁਰ:- ਕੱਡੀ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲਣ ਲਈ ਹੁਸ਼ਿਆਰਪੁਰ ਪਹੁੰਚਿਆ। ਡਿਪਟੀ ਕਮਿਸ਼ਨਰ ਦੇ ਬਾਹਰ ਹੋਣ ਕਾਰਨ ਉਨ੍ਹਾਂ ਦੇ ਦਫ਼ਤਰ ਵੱਲੋਂ ਤਹਿਸੀਲਦਾਰ ਹਰਜੋਤ ਸਿੰਘ ਰਾਹੀਂ ਵਫ਼ਦ ਦਾ ਮੰਗ-ਪੱਤਰ ਪ੍ਰਾਪਤ ਕੀਤਾ ਗਿਆ।
ਮੰਗ-ਪੱਤਰ ਵਿੱਚ ਮੰਗ ਕੀਤੀ ਗਈ ਕਿ ਡਿਪਟੀ ਕਮਿਸ਼ਨਰ ਵੱਲੋਂ ਨਿਰਧਾਰਿਤ ਸਮਾਂ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ ਅਤੇ ਓਵਰਲੋਡ ਟਿੱਪਰਾਂ ਅਤੇ ਟਰਾਲੀਆਂ ਖ਼ਿਲਾਫ਼ ਚਲਾਨ ਕੀਤੇ ਜਾਣ।
ਚੌਧਰੀ ਅੱਚਰ ਸਿੰਘ (ਬਿਲੜੋਂ) ਨੇ ਮੰਗ ਕੀਤੀ ਕਿ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਦੇ ਚੱਲ ਰਹੇ ਟਿੱਪਰਾਂ ਅਤੇ ਟਰਾਲਿਆਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ। ਇਸ ਦੇ ਨਾਲ ਹੀ ਭਾਰ ਢੋਣ ਵਾਲੇ ਟਰੈਕਟਰ-ਟਰਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੁਰਨਿਕ ਸਿੰਘ ਭੱਜਲ (ਰਾਜ ਆਗੂ, ਕੁੱਲ ਹਿੰਦ ਕਿਸਾਨ ਸਭਾ) ਅਤੇ ਕੁਲਵਿੰਦਰ ਸੰਝਾ (ਪ੍ਰਧਾਨ, ਵਿਕਾਸ ਮੰਚ) ਨੇ ਇਲਾਕੇ ਵਿੱਚ ਹੋ ਰਹੇ ਗੈਰ-ਕਾਨੂੰਨੀ ਖਣਨ ਨੂੰ ਤੁਰੰਤ ਬੰਦ ਕਰਨ ਦੀ ਮੰਗ ਵੀ ਉਠਾਈ। ਵਫ਼ਦ ਵਿੱਚ ਰਵਿੰਦਰ ਕੁਮਾਰ ਨੀਟਾ ਅਤੇ ਗੁਰਮੀਤ ਸਿੰਘ ਪਾਂਗਲੀ ਵੀ ਹਾਜ਼ਰ ਸਨ।
ਕਮੇਟੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਧਰਨੇ, ਪ੍ਰਦਰਸ਼ਨ, ਟਰੈਫਿਕ ਜਾਮ ਅਤੇ ਹੋਰ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਕੱਡੀ ਸੰਘਰਸ਼ ਕਮੇਟੀ ਦਾ ਵਫ਼ਦ ਨਿਰਧਾਰਿਤ ਸਮਾਂ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ ਮੱਟੂ
