ਨਵਾਂਸ਼ਹਿਰ, 1 ਸਤੰਬਰ:- ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ ਨੂੰ ਉਸ ਸਮੇਂ ਅਸਹਿ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ 18 ਸਾਲਾ ਪੋਤਰੇ ਦੀਪਕ ਬੰਗਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਦਿਆਲ ਚੰਦ ਬੰਗਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ੍ਰੀ ਚਰਨਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਮੌਜੂਦ ਸੀ। ਰਾਤ ਸਮੇਂ ਉਹ ਗੁਰੂ ਘਰ ਵਿੱਚ ਪਾਠ ਕਰਨ ਉਪਰੰਤ ਕਮਰੇ ਵਿੱਚ ਆਏ। ਉਸ ਸਮੇਂ ਸਾਰਾ ਪਰਿਵਾਰ ਖੁਸ਼ ਸੀ ਅਤੇ ਕਿਸੇ ਨੂੰ ਕਿਸੇ ਕਿਸਮ ਦਾ ਇਲਮ ਨਹੀਂ ਸੀ ਕਿ ਦਿਨ ਦੇ ਚੜ੍ਹਾਅ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਗਹਿਰੇ ਸਦਮੇ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇੱਕੋ ਕਮਰੇ ਵਿੱਚ ਸੁੱਤਾ ਪਿਆ ਸੀ। ਰਾਤ ਕਰੀਬ ਡੇਢ ਵਜੇ ਦੀਪਕ ਬੰਗਾ ਨੇ ਆਪਣੀ ਮਾਤਾ ਨੂੰ ਆਵਾਜ਼ਾਂ ਮਾਰੀਆਂ ਅਤੇ ਬੁਲਾਉਣ ਤੋਂ ਬਾਅਦ ਉਹ ਵੀ ਸੌਂ ਗਿਆ। ਸ੍ਰੀ ਬੰਗਾ ਨੇ ਦੱਸਿਆ ਕਿ ਤੜਕਸਾਰ ਉੱਠ ਕੇ ਉਹ ਗੁਰੂ ਘਰ ਮੱਥਾ ਟੇਕਣ ਗਿਆ ਅਤੇ ਦੀਪਕ ਨੂੰ ਕਿਸੇ ਨੇ ਨਾ ਉਠਾਇਆ। ਜਦੋਂ ਦਿਨ ਚੜ੍ਹਨ ’ਤੇ ਦੀਪਕ ਦੀ ਮਾਤਾ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੂੰਹ ਵਿੱਚੋਂ ਥੋੜ੍ਹਾ ਬਲੱਡ ਆਇਆ ਸੀ।
ਇਸ ਉਪਰੰਤ ਸਾਰਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸੰਤ ਸੁਰਿੰਦਰ ਦਾਸ ਦੇ ਛੋਟੇ ਲੜਕੇ ਲਾਡੀ ਗੰਗੜ, ਜਗਦੀਸ਼ ਕੁਮਾਰ ਅਤੇ ਹੋਰ ਸਾਥੀ ਦੀਪਕ ਬੰਗਾ ਨੂੰ ਬਾਥੜੀ ਵਿਖੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਪਾਸ ਲੈ ਕੇ ਗਏ, ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਸਾਰੀਆਂ ਆਸਾਂ ਅਤੇ ਉਮੀਦਾਂ ’ਤੇ ਪਾਣੀ ਫਿਰ ਗਿਆ।
ਬਾਅਦ ਦੁਪਹਿਰ ਦੀਪਕ ਬੰਗਾ ਦੀ ਮ੍ਰਿਤਕ ਦੇਹ ਦਾ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਕੁਦਰਤ ਦੇ ਇਸ ਕਹਿਰ ਨੇ ਪਰਿਵਾਰ ਦੇ ਹੌਸਲੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਜੀਅ ਇਸ ਸੰਸਾਰ ’ਤੇ ਆਇਆ ਹੈ, ਉਸ ਨੇ ਇੱਕ ਦਿਨ ਜਾਣਾ ਤਾਂ ਹੁੰਦਾ ਹੀ ਹੈ, ਪਰ ਬੇਮੌਸਮੇ ਫਲ ਟੁੱਟਣ ਵਾਂਗ ਦੀਪਕ ਬੰਗਾ ਦੇ ਵਿਛੋੜੇ ਨੇ ਸਾਰਿਆਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨਾਲ ਕਮੇਟੀ ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ, ਕੇਂਦਰੀ ਪ੍ਰਧਾਨ ਐਲ.ਆਰ. ਵਿਰਦੀ, ਵਨੀਤ ਕੁਮਾਰ ਪ੍ਰਧਾਨ ਦਿੱਲੀ, ਗੁਰੂ ਘਰ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ, ਸੁੰਮਨ ਦੇਵੀ, ਸਵਾਗਤੀ ਕਮੇਟੀ ਦੇ ਮੁਖੀ ਸ੍ਰੀ ਜਗਦੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਮੇਜਰ ਸਿੰਘ ਘਟਾਰੋਂ, ਸੁਖਚੈਨ ਸਿੰਘ ਕਾਲਾ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਹਰਬੰਸ ਸਿੰਘ, ਸੰਤ ਨਿਰੰਜਣ ਸਿੰਘ, ਡਾਕਟਰ ਬਹਾਦਰ ਸਿੰਘ, ਅਮਰੀਕ ਘੁਲਾਲ, ਬੀਰਬਲ ਘੇੜਾ, ਸੋਮ ਨਾਥ ਗੰਗੜ, ਅਸ਼ਵਨੀ ਕੁਮਾਰ ਅਹਾਤਾ ਸ਼ੇਰਜੰਗ ਲੁਧਿਆਣਾ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬਸੀ, ਮਹਿੰਦਰ ਸਿੰਘ ਬਸੀ, ਰਾਮ ਸਿੰਘ ਖੁਰਾਲੀ, ਗੁਰਲਾਲ ਸੈਲਾ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ, ਹੈਪੀ ਭੱਟੀ, ਕੇਵਲ ਕ੍ਰਿਸ਼ਨ ਜਲੰਧਰ, ਪਰਸ਼ੋਤਮ ਲਾਲ ਚੋਪੜਾ, ਟਿੰਕੂ ਅਡੋਨ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ ਮੁੱਖ ਕੈਸ਼ੀਅਰ, ਮਹੇਸ਼ ਸੂਦ, ਮਾਸਟਰ ਰਾਜ ਕੁਮਾਰ, ਪੀ.ਐਲ. ਸੂਦ, ਡਾਕਟਰ ਸਤਪਾਲ, ਮਾਸਟਰ ਰਾਮ ਦਾਸ, ਅਮਰੀਕ ਜੱਸਲ, ਬੂਟਾ ਕੋਹਿਨੂਰ, ਨਿਰਮਲ ਨਿੰਮਾ, ਦਵਿੰਦਰ ਦੁੱਗਲ, ਦਿਸ਼ਾਂਤ ਧੀਰ, ਕੁਮਾਰੀ ਰਾਜੂ ਖੰਨਾ, ਬਿਜੇਸ਼ਵਰ ਕੁਮਾਰ, ਨਰਿੰਦਰ ਮਿਸਤਰੀ ਅਤੇ ਕਿਸ਼ਨ ਸਿੰਘ ਲਹਿਰਾਗਾਗਾ ਵੱਲੋਂ ਦੀਪਕ ਬੰਗਾ ਦੇ ਪਿਤਾ ਰਿੰਕੂ ਬੰਗਾ, ਮਾਤਾ ਪੂਨਮ ਦੇਵੀ ਅਤੇ ਸੰਤ ਦਿਆਲ ਚੰਦ ਬੰਗਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।