ਲੁਧਿਆਣਾ-05-ਦਸੰਬਰ-2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਮਾਜ ਦੀਆਂ ਕਈ ਅਧੋਗਤੀਆਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਾਟਕਾਂ ਦੇ ਰਾਹੀਂ ਪ੍ਰਗਟਾਇਆ। ਸ. ਗੁਰਦੇਵ ਸਿੰਘ, ਏ ਸੀ ਪੀ (ਟ੍ਰੈਫਿਕ) ਸਮਾਗਮ ਵਿੱਚ ਪਤਵੰਤੇ ਮਹਿਮਾਨ ਵਜੋਂ ਪਧਾਰੇ। 
ਇਸ ਯੁਵਕ ਮੇਲੇ ਵਿੱਚ ਉੱਘੇ ਪੰਜਾਬੀ ਫ਼ਿਲਮ ਅਦਾਕਾਰ ਸ਼੍ਰੀ ਮਲਕੀਤ ਰੌਣੀ, ਮੈਡਮ ਰੁਪਿੰਦਰ ਕੌਰ ਰੂਪੀ, ਮੈਡਮ ਗੁਰਪ੍ਰੀਤ ਕੌਰ ਭੰਗੂ ਅਤੇ ਸ. ਪਰਮਜੀਤ ਸਿੰਘ, ਨਿਰਦੇਸ਼ਕ, ਆਲ ਇੰਡੀਆ ਰੇਡੀਓ, ਜਲੰਧਰ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉਹ ਕਲਾ ਦੇ ਖੇਤਰ ਵਿੱਚ ਆਪਣੇ ਹੁਨਰ ਨੂੰ ਨਿਖਾਰਦੇ ਰਹਿਣ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ। ਯੂਨੀਵਰਸਿਟੀ ਸਿੱਖਿਆ ਅਤੇ ਕਲਾਤਮਕ ਗਤੀਵਿਧੀਆਂ ਦੇ ਖੇਤਰ ਵਿੱਚ ਉਨ੍ਹਾਂ ਦੀ ਹਰ ਕਿਸਮ ਦੀ ਮਦਦ ਕਰੇਗੀ।
ਡਾ. ਇੰਦਰਜੀਤ ਪੰਨੂ, (ਫਲੋਰਿਡਾ) ਅਤੇ ਸ਼੍ਰੀਮਤੀ ਪਵਨਜੀਤ ਕੌਰ ਗਿੱਲ, ਸ਼ਰੀਕੇ ਹਯਾਤ ਡਾ. ਜਤਿੰਦਰ ਪਾਲ ਸਿੰਘ ਗਿੱਲ ਵੀ ਸਮਾਗਮ ਵਿੱਚ ਉਚੇਚੇ ਤੌਰ ’ਤੇ ਮੌਜੂਦ ਸਨ।
ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਇਨ੍ਹਾਂ ਨਾਟਕਾਂ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨੂੰ ਪ੍ਰਗਟਾਇਆ ਗਿਆ। ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’ ਵਿੱਚ ਇਹ ਪ੍ਰਦਰਸ਼ਿਤ ਕੀਤਾ ਗਿਆ ਕਿ ਅਜ਼ਾਦੀ ਦੀ ਵੰਡ ਨਾਲ ਲੋਕਾਂ ਦੀ ਮਾਨਸਿਕਤਾ ’ਤੇ ਕਿੰਨੇ ਮਾੜੇ ਅਸਰ ਪਏ ਸਨ ਅਤੇ ਉਹ ਸਪਨਿਆਂ ਵਿੱਚ ਵੀ ਆਪਣੀ ਮਾਤ-ਭੂਮੀ ਨੂੰ ਵੇਖਦੇ ਸਨ। ਨਾਟਕ ‘ਹੋਰ ਕਿੰਨੇ ਪਾਕਿਸਤਾਨ’ ਰਾਹੀਂ ਦੁਨੀਆਂ ਨੂੰ ਨਫ਼ਰਤ ਖ਼ਤਮ ਕਰਕੇ ਪਿਆਰ ਦੇ ਮਾਹੌਲ ਵਿੱਚ ਰਹਿਣ ਨੂੰ ਪ੍ਰੇਰਿਆ ਗਿਆ ਸੀ। 
ਨਾਟਕ ‘ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ’ ਵਿੱਚ ਔਰਤ ਨਾਲ ਹੁੰਦੇ ਤਸ਼ੱਦਦ ਅਤੇ ਉਸ ਵਿੱਚੋਂ ਨਿਕਲੀ ਔਰਤ ਦੀ ਬਹਾਦਰੀ ਦੀ ਚਰਚਾ ਕੀਤੀ ਗਈ। ਨਾਟਕ ‘ਜ਼ਿੰਦਗੀ’ ਵਿੱਚ ਮਹੰਤ ਵਜੋਂ ਪੈਦਾ ਹੋਏ ਬੱਚੇ ਦੀ ਕਹਾਣੀ ਹੈ। ਬੱਚੇ ਨੂੰ ਕਿਸੇ ਹੋਰ ਨੂੰ ਨਾ ਸੌਂਪਣ ਸੰਬੰਧੀ ਸੋਚ ਤੇ ਦੁਵਿਧਾ ਦਾ ਪ੍ਰਗਟਾਵਾ ਕੀਤਾ ਗਿਆ। 
ਨਾਟਕ ‘ਸਰਦਲ ਦੇ ਆਰ-ਪਾਰ’ ਵਿੱਚ ਲੜਕੀਆਂ ਵੱਲੋਂ ਪਿਆਰ ਵਿੱਚ ਧੋਖਾ ਖਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਂਦੀਆਂ ਦੁਸ਼ਵਾਰੀਆਂ ਦਾ ਚਿਤਰਣ ਕੀਤਾ ਗਿਆ ਸੀ। ਨਾਟਕ ‘ਰਕਤ ਬੀਜ’ ਵਿੱਚ ਸਮਾਜ ਵਿੱਚ ਪਾਈ ਜਾਂਦੀ ਭੁੱਖ, ਨਫ਼ਰਤ, ਭ੍ਰਿਸ਼ਟਾਚਾਰ ਵਰਗੇ ਵਿਕਾਰਾਂ ਨੂੰ ਮਿਥਿਹਾਸਿਕ ਕਥਾ ਦੇ ਪਰਿਪੇਖ ਵਿੱਚ ਵੇਖਦਿਆਂ ਦੱਸਿਆ ਗਿਆ ਸੀ ਕਿ ਸਦੀਆਂ ਬਾਅਦ ਵੀ ਹਾਲਾਤ ਤਬਦੀਲ ਨਹੀਂ ਹੋਏ। 
ਨਾਟਕ ‘ਨੀਰ ਨਿਰੂਪਣ’ ਵਿੱਚ ਪਾਣੀ ਦੇ ਖ਼ਤਮ ਹੋਣ ’ਤੇ ਸਾਡਾ ਜੀਵਨ ਤੇ ਭਵਿੱਖ  ਕਿੰਨਾ ਡਰਾਵਣਾ ਹੋ ਸਕਦਾ ਹੈ ਇਹ ਵਿਖਾਉਣ ਦਾ ਉਪਰਾਲਾ ਕੀਤਾ ਗਿਆ ਸੀ।
ਡਾ. ਸਰਵਪ੍ਰੀਤ ਘੁੰਮਣ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ ਲੁਧਿਆਣਾ, ਕਾਲਜ ਆਫ ਫਿ਼ਸ਼ਰੀਜ਼, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਨਰੀ ਪੋਲੀਟੈਕਨਿਕ ਕਾਲਝਰਾਣੀ ਅਤੇ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਹਿੱਸਾ ਲਿਆ। ਉਨ੍ਹਾਂ ਨੇ ਨਤੀਜਿਆਂ ਸੰਬੰਧੀ ਵੀ ਜਾਣਕਾਰੀ ਦਿੱਤੀ।

 ਨਤੀਜੇ

ਮਮਿਕਰੀ
1.       ਗੌਰਵ ਡੋਗਰਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.       ਅਨਾਮਿਕਾ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
3.       ਮਹੇਸ਼ ਕੁਮਾਰ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ

ਇਕਾਂਗੀ ਨਾਟਕ
1.       ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.       ਕਾਲਜ ਆਫ ਐਨੀਮਲ ਬਾਇਓਤਕਨਾਲੋਜੀ
3.       ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ