ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 09 ਸਤੰਬਰ 2025: ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਗਰ ਕੌਂਸਲ ਦਫ਼ਤਰ ਡੇਰਾਬੱਸੀ ਵਿਖੇ ਨਗਰ ਕੌਂਸਲ ਪ੍ਰਧਾਨ, ਬਲਾਕ ਪ੍ਰਧਾਨ, ਐਮ.ਸੀ. ਸਾਹਿਬਾਨ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਵਿੱਚ ਲਗਾਤਾਰ ਪਏ ਮੀਂਹ ਅਤੇ ਬਰਸਾਤੀ ਪਾਣੀ ਕਾਰਨ ਪ੍ਰਭਾਵਿਤ ਹੋਏ ਕੰਮਾਂ ਤੇ ਰਿਪੇਅਰ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਾਰੇ ਅਧਿਕਾਰੀ ਆਪਸੀ ਤਾਲਮੇਲ ਨਾਲ ਗਰਾਊਂਡ ਲੈਵਲ 'ਤੇ ਉਤਰ ਕੇ ਲੋਕਾਂ ਦੇ ਕੰਮ ਜਲਦੀ ਕਰਵਾਉਣ।
ਸ੍ਰੀ ਰੰਧਾਵਾ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਕਈ ਗਲੀਆਂ ਖਰਾਬ ਹੋਈਆਂ ਹਨ, ਪੇਵਰ ਬਲਾਕ ਉਖੜ ਗਏ ਹਨ, ਕੁਝ ਘਰ ਢਹਿ ਗਏ ਹਨ ਅਤੇ ਕਈ ਗਰੀਬ ਪਰਿਵਾਰ ਛੱਤ, ਖਾਣ-ਪੀਣ ਅਤੇ ਰਾਸ਼ਨ ਤੋਂ ਵੀ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਵਿਅਕਤੀ ਆਪਣੇ ਮੁੱਦੇ ਦਫ਼ਤਰ ਦੇ ਫੋਨ ਨੰਬਰ 01762-280095 'ਤੇ ਸੰਪਰਕ ਕਰਕੇ ਦਰਜ ਕਰਵਾ ਸਕਦੇ ਹਨ। ਬਰਸਾਤ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਵੀ ਭੇਜੀਆਂ ਜਾ ਸਕਦੀਆਂ ਹਨ, ਤਾਂ ਜੋ ਹਰ ਲੋੜਵੰਦ ਨੂੰ ਤੁਰੰਤ ਮਦਦ ਪਹੁੰਚਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਆਮ ਲੋਕਾਂ ਵੱਲੋਂ ਵੀ ਵੱਡੇ ਪੱਧਰ 'ਤੇ ਸਹਿਯੋਗ ਮਿਲ ਰਿਹਾ ਹੈ। ਕਈ ਅਧਿਕਾਰੀਆਂ ਨੇ ਆਪਣੀ ਤਨਖਾਹ ਵਿੱਚੋਂ ਕੱਟ ਕੇ ਰਾਸ਼ਨ ਤੇ ਹੋਰ ਜ਼ਰੂਰੀ ਸਮੱਗਰੀ ਪੀੜਤਾਂ ਤੱਕ ਪਹੁੰਚਾਈ ਹੈ। ਪਸ਼ੂਆਂ ਲਈ ਤੂੜੀ ਆਦਿ ਦੀ ਵੀ ਵੰਡ ਕੀਤੀ ਜਾ ਰਹੀ ਹੈ।
ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਬਰਸਾਤ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਹਲਕੇ ਡੇਰਾਬੱਸੀ ਨੇ ਵੀ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਹਲਕੇ ਦੀ ਚੜ੍ਹਦੀ ਕਲਾ ਅਤੇ ਲੋਕਾਂ ਦੀ ਭਲਾਈ ਲਈ ਅਰਦਾਸ ਕੀਤੀ ਕਿ ਸਾਰੇ ਸਦਾ ਚੜ੍ਹਦੀਕਲਾ ਵਿੱਚ ਰਹਿਣ।