ਚੰਡੀਗੜ੍ਹ, 13 ਅਕਤੂਬਰ:- ਹਰਿਆਣਾ ਦੇ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਅਤੇ ਸਾਫ਼-ਸਫ਼ਾਈ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਸੂਬਾ ਸਰਕਾਰ ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਾਫ਼-ਸਫ਼ਾਈ, ਹਾਊਸਕੀਪਿੰਗ, ਛੱਤਾਂ ਦੀ ਸਫ਼ਾਈ, ਪਖਾਨਿਆਂ ਦੀ ਸਵੱਛਤਾ, ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਅਤੇ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਲਈ ਸੁਚਾਰੂ ਢੰਗ ਨਾਲ ਬਜਟ ਜਾਰੀ ਕਰ ਦਿੱਤਾ ਗਿਆ ਹੈ।

ਜਿਨ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਪਾਰਟ-ਟਾਈਮ ਵਰਕਰ ਕੰਮ ਨਹੀਂ ਕਰ ਰਹੇ, ਉੱਥੇ ਇਨ੍ਹਾਂ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਵਿਭਾਗ ਵੱਲੋਂ ‘ਸਵੱਛ ਪ੍ਰਾਂਗਣ’ ਯੋਜਨਾ ਤਹਿਤ 8,000 ਰੁਪਏ ਪ੍ਰਤੀ ਸਕੂਲ ਪ੍ਰਤੀ ਮਹੀਨਾ ਦੀ ਦਰ ਨਾਲ ਬਜਟ ਸਿੱਧਾ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ ਨੂੰ ਡਰਾਇੰਗ ਅਤੇ ਡਿਸਬਰਸਿੰਗ ਅਫ਼ਸਰ (ਡੀਡੀਓ) ਵਜੋਂ ਜਾਰੀ ਕੀਤਾ ਗਿਆ ਹੈ।

ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਸਾਰੇ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ, ਬਲਾਕ ਸਿੱਖਿਆ ਅਧਿਕਾਰੀਆਂ, ਬਲਾਕ ਮੌਲਿਕ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਮੁੱਖ ਅਧਿਆਪਕਾਵਾਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਕਮੇਟੀਆਂ (ਐਸਐਮਸੀ) ਦੇ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਜਟ ਦੀ ਸਮੇਂ ਸਿਰ ਅਤੇ ਪੂਰੀ ਵਰਤੋਂ ਯਕੀਨੀ ਬਣਾਉਣ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਬੰਧਤ ਸਕੂਲਾਂ ਨੂੰ ਤੁਰੰਤ ਰਾਸ਼ੀ ਵੰਡ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਵਾਉਣਾ ਅਧਿਕਾਰੀਆਂ ਦੀ ਤਰਜੀਹ ਹੋਣੀ ਚਾਹੀਦੀ ਹੈ, ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਾਫ਼-ਸੁਥਰੇ, ਸਿਹਤਮੰਦ ਅਤੇ ਸਕਾਰਾਤਮਕ ਵਾਤਾਵਰਣ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਪ੍ਰਾਇਮਰੀ ਸਿੱਖਿਆ ਦੇ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਆਦਰਸ਼ ਬਣਾਉਣ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।