ਇਟਾਨਗਰ (ਅਰੁਣਾਚਲ ਪ੍ਰਦੇਸ਼):- ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸੀਰਾਮ ਸਿਰਾਮ ਨੇ ਦਾਅਵਾ ਕੀਤਾ ਹੈ ਕਿ ਚੀਨੀ ਸੈਨਿਕ ਅੱਪਰ ਸੁਬਨਸੀਰੀ ਜ਼ਿਲ੍ਹੇ ਵਿੱਚ ਭਾਰਤੀ ਸਰਹੱਦ ਦੇ ਅੰਦਰ 40–50 ਕਿਲੋਮੀਟਰ ਤੱਕ ਦਾਖ਼ਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਕਈ ਥਾਵਾਂ ’ਤੇ ਭਾਰਤੀ ਅਤੇ ਚੀਨੀ ਫੌਜੀ ਆਹਮੋ-ਸਾਹਮਣੇ ਹਨ, ਜਿਸ ਕਾਰਨ ਫੌਜੀ ਗਸ਼ਤ ਅਤੇ ਸਥਾਨਕ ਵਸਨੀਕਾਂ ਦੀ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ।

ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਸਿਰਾਮ ਨੇ ਦਾਅਵਾ ਕੀਤਾ ਕਿ ਜੁਲਾਈ ਦੇ ਆਖਰੀ ਹਫ਼ਤੇ ਦੌਰਾਨ ਦੋਵਾਂ ਧਿਰਾਂ ਵਿਚਕਾਰ ਝੜਪਾਂ ਹੋਈਆਂ ਅਤੇ ਡੰਡਿਆਂ ਦੀ ਵਰਤੋਂ ਕੀਤੀ ਗਈ।

ਇਸ ਦੌਰਾਨ, ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਕਬਜ਼ੇ ਦਾ ਦਾਅਵਾ ਕਰਨ ਵਾਲੀ ਵਾਇਰਲ ਵੀਡੀਓ ਨੂੰ ਜਾਅਲੀ ਕਰਾਰ ਦਿੱਤਾ ਹੈ। ਫੌਜ ਨੇ ਦੱਸਿਆ ਕਿ ਇਹ ਵੀਡੀਓ ਅਕਤੂਬਰ 2023 ਵਿੱਚ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਦੀ ਫੁਟੇਜ ਨਾਲ ਹੇਰਾਫੇਰੀ ਕਰਕੇ ਬਣਾਈ ਗਈ ਸੀ।