ਪਟਿਆਲਾ:- ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿੱਚ ਹੜਤਾਲੀ ਸਫਾਈ ਕਰਮਚਾਰੀਆਂ 'ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਪਟਿਆਲਾ ਦੇ ਅਨਾਰਦਾਨਾ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਰੋਸ ਮਾਰਚ ਏ-ਟੈਂਕ ਤੋਂ ਸ਼ੁਰੂ ਹੋ ਕੇ ਅਦਾਲਤ ਬਾਜ਼ਾਰ ਰਾਹੀਂ ਅਨਾਰਦਾਨਾ ਚੌਂਕ ਤੱਕ ਕੱਢਿਆ ਗਿਆ। ਇਸ ਦੌਰਾਨ ਸਾਂਝੀ ਸੰਘਰਸ਼ ਕਮੇਟੀ, ਨਗਰ ਨਿਗਮ, ਨਗਰ ਕੌਂਸਲਾਂ ਅਤੇ ਸਫਾਈ ਕਰਮਚਾਰੀਆਂ ਨੇ ਪੰਜਾਬ ਪੱਧਰ 'ਤੇ ਚੱਲ ਰਹੀ ਹੜਤਾਲ ਦੇ ਸਮਰਥਨ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੀ ਅਗਵਾਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਬਿਡਲਾਨ, ਟੈਕਨੀਕਲ ਇੰਪਲਾਈਜ਼ ਯੂਨੀਅਨ (ਏ-ਟੈਂਕ ਨਗਰ ਨਿਗਮ) ਦੇ ਪ੍ਰਧਾਨ ਵਿਜੈ ਕੁਮਾਰ ਕਲਿਆਣ, ਸਫਾਈ ਸੇਵਕ ਯੂਨੀਅਨ ਪਟਿਆਲਾ ਦੇ ਪ੍ਰਧਾਨ ਸ਼ਮੀ ਕੁਮਾਰ ਅਤੇ ਕੰਟਰੈਕਟ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮੁਕੇਸ਼ ਰਾਹੀ ਨੇ ਕੀਤੀ।
ਇਸ ਮੌਕੇ ਵਾਲਮੀਕੀ ਸਮਾਜ ਦੇ ਸੀਨੀਅਰ ਆਗੂ ਲਵਲੀ ਅਛੂਤ, ਰਾਜੇਸ਼ ਬੱਗਣ ਅਤੇ ਅਰੁਣ ਧਾਲੀਵਾਲ ਨੇ ਵੀ ਸ਼ਮੂਲੀਅਤ ਕਰਦਿਆਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ।
ਯੂਨੀਅਨ ਆਗੂਆਂ ਸੁਨੀਲ ਕੁਮਾਰ ਬਿਡਲਾਨ, ਵਿਜੈ ਕੁਮਾਰ ਕਲਿਆਣ, ਸ਼ਮੀ ਕੁਮਾਰ, ਮੁਕੇਸ਼ ਰਾਹੀ, ਵਿੱਕੀ ਕੁਮਾਰ ਗਿੱਲ ਅਤੇ ਅਮਨ ਕੁਮਾਰ ਸ਼ਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਦਸ ਸਾਲਾ ਨੀਤੀ ਰੱਦ ਕਰਨ ਅਤੇ ਸਾਢੇ ਪੰਜ ਸਾਲ ਦਾ ਪੇ-ਕਮਿਸ਼ਨ ਬਕਾਇਆ ਜਾਰੀ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੰਮ ਛੱਡ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਬਰਨਾਲਾ ਵਿੱਚ ਹੜਤਾਲੀ ਸਫਾਈ ਕਰਮਚਾਰੀਆਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਨਾਲ ਸੂਬੇ ਭਰ ਦੇ ਸਫਾਈ ਕਰਮਚਾਰੀਆਂ ਅਤੇ ਵਾਲਮੀਕੀ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਬਰਨਾਲਾ ਦੇ ਡੀਐਸਪੀ ਅਤੇ ਐਸਐਚਓ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਇਸ ਮੌਕੇ ਦੀਪਕ ਕੁਮਾਰ, ਲਖਵਿੰਦਰ ਸਿੰਘ, ਕੁਲਦੀਪ, ਪ੍ਰਦੀਪ ਕੁਮਾਰ, ਗੋਵਿੰਦਾ, ਵਿੱਕੀ, ਵਿਜੈ ਕੁਮਾਰ ਸੰਗਰ, ਪਰਵਿੰਦਰ ਗੋਲਡੀ, ਬੋਬੀ ਗਾਗਟ, ਬਿਨੀ ਕੰਡੇਰ, ਅਜੈ ਕੁਮਾਰ, ਸਚਿਨ ਕੁਮਾਰ, ਰਿੰਕੂ ਕੁਮਾਰ, ਕੁਨਾਲ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਆਗੂ ਅਤੇ ਕਰਮਚਾਰੀ ਹਾਜ਼ਰ ਸਨ।