ਹੁਸ਼ਿਆਰਪੁਰ:- ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵੱਲੋ ਬੱਸਾਂ ਵਿਚ ਸਾਰੇ ਨਿਯਮਾਂ/ਸ਼ਰਤਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ। ਇਸ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਵਿਖੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਹੁਕਮਾਂ ਅਨੁਸਾਰ  ਸੇਫ ਸਕੂਲ ਵਾਹਨ ਪਲਿਸੀ ਤਹਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਹਾਜੀਪੁਰ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਬੇਗਪੁਰ ਕਮਲੂਹ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। 
ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿਚ ਮਿਆਦ ਖਤਮ ਹੋ ਚੁੱਕੀਆਂ ਫਸਟ ਏਡ ਕਿੱਟਾਂ, ਫਾਗ ਲਾਈਟਸ, ਬਿਨਾਂ ਲੇਡੀ ਅਟੈਂਡੈਂਟ, ਬਿਨਾਂ ਪਾਸਿੰਗ, ਸਪੀਡ ਗਵਰਨਰ ਦਾ ਨਾ ਹੋਣਾ, ਬੱਸ ਵਿਚ ਐਮਰਜੈਂਸੀ ਐਗਜ਼ਿਟ ਦਾ ਨਾ ਹੋਣਾ, ਬਿਨਾਂ ਅੱਗ ਬੁਝਾਊ ਯੰਤਰ, ਬਿਨਾਂ ਸੀ.ਸੀ.ਟੀ.ਵੀ ਕੈਮਰਾ, ਬੱਸ ਵਿਚ ਸਿਟਿੰਗ ਕਪੈਸਿਟੀ ਦਾ ਵੱਧ ਹੋਣਾ, ਬਿਨਾਂ ਇੰਸ਼ੋਰੈਂਸ ਆਦਿ ਕਮੀਆਂ ਪਾਈਆਂ ਗਈਆਂ, ਇਸ ਦੌਰਾਨ ਕੁੱਲ 47 ਬੱਸਾਂ ਚੈੱਕ ਕੀਤੀਆਂ ਗਈਆਂ ਅਤੇ 7 ਬੱਸਾਂ ਦੇ ਚਲਾਨ ਕੱਟੇ ਗਏ। 
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਰਣਜੀਤ ਕੌਰ, ਜਸਵਿੰਦਰ ਸਿੰਘ, ਪੁਲਿਸ ਵਿਭਾਗ ਤੋਂ ਗੁਰਪ੍ਰੀਤ ਸਿੰਘ ਹੈੱਡ ਕਾਂਸਟੇਬਲ, ਰਸ਼ਨੀਸ਼ ਕੁਮਾਰ ਹੈੱਡ ਕਾਂਸਟੇਬਲ, ਸਿੱਖਿਆ ਵਿਭਾਗ ਵੱਲੋਂ ਅਮਰਿੰਦਰਪਾਲ ਸਿੰਘ ਢਿੱਲੋ ਅਤੇ ਸਮੂਹ ਟੀਮ ਹਾਜ਼ਰ ਸਨ। ਟਾਸਕ ਫੋਰਸ ਵੱਲੋਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਡਰਾਈਵਰਾਂ ਦਾ ਸਮੇਂ ਸਿਰ ਮੈਡੀਕਲ ਚੈੱਕ ਅੱਪ ਕਰਵਾਇਆ ਜਾਵੇ।
 ਸਾਰੀਆਂ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਆਪਣੀ ਯੂਨੀਫਾਰਮ ਜਰੂਰ ਪਾਉਣ, ਬੱਸਾਂ ਵਿਚ ਸਫ਼ਰ ਕਰਨ ਵਾਲੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣ, ਉਨ੍ਹਾਂ ਨੂੰ ਬੱਸ ਤੋਂ ਚੜ੍ਹਨ ਅਤੇ ਉਤਰਨ ਸਮੇਂ ਸਹੀ ਤਰੀਕੇ ਨਾਲ ਰੋਡ ਕਰਾਸ ਕਰਵਾਉਣ ਅਤੇ ਜਿਨ੍ਹਾਂ ਸਕੂਲੀ ਬੱਸਾਂ ਵਿਚ ਜੋ ਵੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ।