ਹੁਸ਼ਿਆਰਪੁਰ:- ਗਣਤੰਤਰ ਦਿਵਸ ਦੇ ਮੌਕੇ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸ਼੍ਰੀ ਚੰਦਰ ਪ੍ਰਕਾਸ਼ ਸੈਣੀ, ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਬਾਗਪੁਰ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਨੂੰ ਇਹ ਸਨਮਾਨ ਖ਼ਾਸ ਤੌਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੀਆਂ ਗਈਆਂ ਲਗਾਤਾਰ ਸੇਵਾਵਾਂ, ਰਾਹਤ ਵੰਡ ਅਤੇ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਗਿਆ। 
ਇਹ ਸਨਮਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪ੍ਰਦਾਨ ਕੀਤਾ ਗਿਆ। ਜਦੋਂ ਖੇਤਰ ਵਿੱਚ ਹੜ੍ਹ ਆਏ ਸੀ, ਉਸ ਸਮੇਂ ਚੰਦਰ ਪ੍ਰਕਾਸ਼ ਸੈਣੀ ਨੇ ਬਿਨਾਂ ਕਿਸੇ ਭੇਦਭਾਵ ਦੇ ਮਨੁੱਖੀ ਸੇਵਾ ਨੂੰ ਆਪਣਾ ਫਰਜ਼ ਮੰਨਦੇ ਹੋਏ ਜ਼ਮੀਨੀ ਪੱਧਰ ’ਤੇ ਸੇਵਾ ਕਾਰਜ ਕੀਤੇ। 
ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਹੜ੍ਹ ਪੀੜ੍ਹਤ ਪਰਿਵਾਰਾਂ ਤੱਕ ਖਾਦ ਸਮੱਗਰੀ, ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਪਹੁੰਚਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਬੁਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖ-ਭਾਲ ਵੀ ਕੀਤੀ।