ਮੈਹਤਪੁਰ/ਊਨਾ, 6 ਜੂਨ (ਰਾਜਵੀਰ ਚੋਪੜਾ):- ਜ਼ਿਲ੍ਹਾ ਊਨਾ ਦੇ ਪ੍ਰਵੇਸ਼ ਦੁਆਰ ਮੈਹਤਪੁਰ ਨੇੜੇ ਪੰਜਾਬ ਸਰਹੱਦ 'ਤੇ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਸਰੀਆਂ ਨਾਲ ਲੱਦੇ ਟਰੱਕ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਛੇ ਸ਼ਰਧਾਲੂ ਜ਼ਖ਼ਮੀ ਹੋ ਗਏ, ਜਦਕਿ ਹੋਰ ਸਾਰੇ ਯਾਤਰੀ ਸੁਰੱਖਿਅਤ ਰਹੇ।
ਜ਼ਖ਼ਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਊਨਾ ਪਹੁੰਚਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਰਾਜਸਥਾਨ ਦੇ ਜੈਪੁਰ ਖੇਤਰ ਤੋਂ ਆਏ ਕਰੀਬ 50 ਸ਼ਰਧਾਲੂ ਸਵਾਰ ਸਨ। ਇਹ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ, ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਰਾਜਸਥਾਨ ਜਾ ਰਹੇ ਸਨ। ਇਸ ਦੌਰਾਨ ਮੈਹਤਪੁਰ ਨੇੜੇ ਪੰਜਾਬ ਸਰਹੱਦ ਵਿੱਚ ਸਰੀਆਂ ਨਾਲ ਲੱਦੇ ਇੱਕ ਟਰੱਕ ਦੀਆਂ ਬਾਹਰ ਨਿਕਲੀਆਂ ਸਰੀਆਂ ਬੱਸ ਦੀਆਂ ਖਿੜਕੀਆਂ ਨੂੰ ਚੀਰਦੀਆਂ ਹੋਈਆਂ ਅੰਦਰ ਤੱਕ ਪਹੁੰਚ ਗਈਆਂ। ਇਸ ਕਾਰਨ ਬੱਸ ਨੂੰ ਨੁਕਸਾਨ ਪਹੁੰਚਿਆ ਅਤੇ ਕੁਝ ਸ਼ਰਧਾਲੂ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਬੱਸ ਚਾਲਕ ਜਗਦੀਸ਼ ਪ੍ਰਸਾਦ ਵਾਸੀ ਜੈਪੁਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਵਾਂ ਨੰਗਲ ਪੁਲਿਸ ਚੌਕੀ ਦੇ ਏਐਸਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਫ਼ਰਾਰ ਟਰੱਕ ਚਾਲਕ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।