ਚੰਡੀਗੜ੍ਹ (ਬਲਵਿੰਦਰ ਸਿੰਘ):- ਕੈਨੇਡਾ ਦੇ ਐਡਮਿੰਟਨ ਸ਼ਹਿਰ ਦੀ ਖ਼ੂਬਸੂਰਤ ਐਡਮਿੰਟਨ ਪਬਲਿਕ ਲਾਇਬ੍ਰੇਰੀ ਦੀ ਮੈਡੋਜ਼ ਸ਼ਾਖਾ, 17 ਸਟਰੀਟ ਵਿਖੇ ਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਦਾ ਦ੍ਰਿਸ਼ ਪ੍ਰਦਰਸ਼ਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੁਲਵਿੰਦਰ ਫੁੱਲ, ਦਲਬੀਰ ਸਿੰਘ ਰਿਆੜ ਅਤੇ ਸੁਰਜੀਤ ਕੌਰ ਧਾਲੀਵਾਲ ਨੇ ਕੀਤੀ। ਮੁੱਖ ਮਹਿਮਾਨਾਂ ਵਜੋਂ ਜਸਬੀਰ ਦਿਓਲ ਐਮਐਲਏ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਅਲਬਰਟਾ ਦੀ ਪ੍ਰਧਾਨ ਮੈਡਮ ਰਾਜ ਉੱਪਲ ਅਤੇ ਉੱਭਰਦੇ ਗੀਤਕਾਰ ਤੇ ਕਾਲਮ ਨਵੀਸ ਦੀਪਾ ਬੰਡਾਲਾ ਨੇ ਸ਼ਿਰਕਤ ਕੀਤੀ।
ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ ਅਤੇ ਅੰਮ੍ਰਿਤਪਾਲ ਸਿੰਘ ਨੇ ਸਭਾ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਸਾਰਿਆਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਦਿਓਲ ਅਤੇ ਮੈਡਮ ਰਾਜ ਉੱਪਲ ਨੇ ਆਪਣੇ ਨਿੱਜੀ ਵਿਚਾਰਾਂ ਦੇ ਨਾਲ-ਨਾਲ ਕੈਨੇਡਾ ਦੇ ਮੌਜੂਦਾ ਹਾਲਾਤ ਬਾਰੇ ਵੀ ਵਿਚਾਰ ਸਾਂਝੇ ਕੀਤੇ। ਗ਼ਜ਼ਲਗੋ ਕੁਲਵਿੰਦਰ ਫੁੱਲ ਨੇ ਆਪਣੀ ਜੀਵਨ-ਸ਼ੈਲੀ ਅਤੇ ਪੁਸਤਕ ਦੀ ਰਚਨਾਤਮਕਤਾ ਬਾਰੇ ਚਾਨਣਾ ਪਾਇਆ।
ਬਲਵਿੰਦਰ ਬਾਲਮ ਨੇ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁਲਵਿੰਦਰ ਫੁੱਲ ਇੱਕ ਪਰਪੱਕ ਗ਼ਜ਼ਲਗੋ ਹਨ ਅਤੇ ਮਰਹੂਮ ਜਨਾਬ ਦੀਪਕ ਜੈਤੋਈ ਸਾਹਿਬ ਦੇ ਸ਼ਾਗਿਰਦ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਰੁਕਨ, ਅਰਕਾਨ, ਅਵੁਰਧ, ਅਵਰਧਕ, ਸਾਕਨ, ਮੁਤਹਰਕ ਅਤੇ ਬਹਿਰ, ਵਜ਼ਨ ਤੇ ਭਾਸ਼ਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਭਾਵੇਂ ਛੋਟੀਆਂ ਬਹਿਰਾਂ ਦੀ ਵਰਤੋਂ ਕੀਤੀ ਗਈ ਹੈ, ਪਰ ਸ਼ੇਅਰਾਂ ਵਿੱਚ ਤਾਜ਼ਗੀ ਅਤੇ ਝਰਨੇ ਦੇ ਵਹਾਅ ਵਰਗੀ ਰਵਾਨਗੀ ਤੇ ਰਸ ਪੈਦਾ ਹੁੰਦਾ ਹੈ। ਇਸ ਪੁਸਤਕ ਵਿੱਚ ਕੁੱਲ 112 ਗ਼ਜ਼ਲਾਂ ਹਨ।
ਉਨ੍ਹਾਂ ਦੀਆਂ ਗ਼ਜ਼ਲਾਂ ਪੜ੍ਹਦਿਆਂ ਕੁਝ ਸ਼ੇਅਰ ਮਨ ਵਿੱਚ ਪੂਰੀ ਤਰ੍ਹਾਂ ਵੱਸ ਜਾਂਦੇ ਹਨ। ਆਓ, ਉਨ੍ਹਾਂ ਨਾਲ ਆਪਣੀ ਸਾਂਝ ਪਾਈਏ। ਮਿਸਾਲ ਵਜੋਂ:
ਬਦਲ ਕਿਰਪਾ ਕਰ ਜਾਏਗਾ ਹੌਲੀ ਹੌਲੀ
ਸੜਕਾਂ ਸਾਗਰ ਭਰ ਜਾਵੇਗਾ ਹੌਲੀ ਹੌਲੀ
ਅਤੇ
ਤਾਜ਼ਾ ਹਵਾ ਹਮੇਸ਼ਾ ਆਵੇਗੀ ਯਾਰੋ
ਜ਼ਿਹਨ ਦੇ ਵਿੱਚ ਜੇ ਆਪਾਂ ਬਾਰੀ ਲਾਈਏ
ਅਤੇ
ਰੋਜ਼ ਏਸ ਦੀ ਪੂਜਾ ਕਰਨੀ ਪੈਂਦੀ ਹੈ
ਹੱਥੀਂ ਮਿੱਟੀ ਗੋਹ ਕੇ ਬੁੱਤ ਬਣਾਇਆ ਹੈ
ਅਤੇ
ਮਾੜੇ ਲਫ਼ਜ਼ ਜੋ ਗੀਤਾਂ ਦੇ
ਇਹ ਪੁੜੀਆਂ ਨੇ ਜ਼ਹਿਰ ਦੀਆਂ
ਅਤੇ
ਔਰਤਾਂ ਜੇ ਪਾਉਣ ਜੇਵਰ ਵਾਂਗਰਾ
ਇੱਕ ਨਵੀਂ ਸੂਖਮ ਹਯਾ ਹੈ ਜ਼ਿੰਦਗੀ
ਕੁਲਵਿੰਦਰ ਫੁੱਲ ਨੇ ਭੌਤਿਕ ਸੰਦਰਭ, ਰੁਮਾਂਟਿਕਤਾ ਅਤੇ ਜੀਵਨ ਦੇ ਹਰ ਪਹਿਲੂ ਬਾਰੇ ਸ਼ੇਅਰ ਕਹੇ ਹਨ।
ਇਸ ਮੌਕੇ ਕੁਲਵਿੰਦਰ ਫੁੱਲ, ਜਸਬੀਰ ਦਿਓਲ ਐਮਐਲਏ ਅਤੇ ਰਾਜ ਉੱਪਲ ਨੂੰ ਗੁਰਮੁਖੀ ਅੰਕਿਤ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਵਿੱਚ ਦਲਬੀਰ ਸਿੰਘ ਰਿਆੜ, ਬਲਵਿੰਦਰ ਬਾਲਮ, ਦੀਪਾ ਬੰਡਾਲਾ, ਦਰਸ਼ਨ ਅਣਜਾਣ, ਸੁਰਜੀਤ ਕੌਰ ਧਾਲੀਵਾਲ, ਅੰਮ੍ਰਿਤਪਾਲ ਅੰਮ੍ਰਿਤ, ਅਜੀਤ ਸਿੰਘ ਖੰਗੂੜਾ, ਕਾਰਜ ਸਿੰਘ ਔਲਖ, ਨਰਿੰਦਰ ਸਿੰਘ ਲੁਬਾਣਾ, ਕੁਲਵਿੰਦਰ ਫੁੱਲ, ਤਜਿੰਦਰਪਾਲ ਸਿੰਘ ਰਿਆੜ, ਕਰਨੈਲ ਸਿੰਘ ਪਰਮਾਰ, ਸੁਖਦੇਵ ਸਿੰਘ, ਸਤਨਾਮ ਸਿੰਘ ਗਾਹਲੇ, ਪਾਰਸ ਮਹੀਨਿਆਂ, ਗੁਰਨਾਮ ਸਿੰਘ ਅਟਵਾਲ, ਮਲਕੀਤ ਸਿੰਘ, ਮਹਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਲ, ਦਵਿੰਦਰ ਸਿੰਘ ਬੈਂਸ, ਨਰਿੰਦਰ ਸਿੰਘ ਅਟਵਾਲ, ਕਿਰਪਾਲ ਸਿੰਘ ਧੂਰੀ, ਨਸੀਰ ਮਹਿਮੂਦ ਅਤੇ ਕੇਵਲ ਸਿੰਘ ਬਲ ਸ਼ਾਮਲ ਸਨ। ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਇਹ ਸਮਾਗਮ ਸਭ ਲਈ ਯਾਦਗਾਰੀ ਬਣ ਗਿਆ।
