ਰਾਜਪੁਰਾ/ਪਟਿਆਲਾ, 3 ਅਗਸਤ:- ਲੋਕ ਸਾਹਿਤ ਸੰਗਮ, ਰਾਜਪੁਰਾ ਵੱਲੋਂ ਆਪਣੀ ਮਾਸਿਕ ਇਕੱਤਰਤਾ ਦੌਰਾਨ ਹਿੰਦੀ ਦੀ ਪ੍ਰਸਿੱਧ ਬਹੁਪੱਖੀ ਲੇਖਿਕਾ ਡਾ. ਸੁਧਾ ਓਮ ਢੀਂਗਰਾ ਦੀ ਪੁਸਤਕ ‘ਖਿੜਕੀਆਂ 'ਚੋਂ ਝਾਕਦੀਆਂ ਅੱਖਾਂ’ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਉੱਘੇ ਕਵੀ, ਸੰਪਾਦਕ ਅਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਵੱਲੋਂ ਕੀਤਾ ਗਿਆ ਹੈ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੀਤੀ ਅਤੇ ਕਾਵਿਕ ਅੰਦਾਜ਼ ਵਿੱਚ ਪ੍ਰਧਾਨਗੀ ਮੰਡਲ ਨੂੰ ਮੰਚ 'ਤੇ ਆਮੰਤਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾ. ਅਮਰਜੀਤ ਕੌਂਕੇ ਨੇ ਕੀਤੀ, ਜਦਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਿੱਚ ਇਕਬਾਲ ਸਿੰਘ ਸੱਬਰਵਾਲ, ਸ਼ਾਇਰਾ ਸੰਦੀਪ ਜਸਵਾਲ ਅਤੇ ਨਵਦੀਪ ਮੁੰਡੀ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਦੇਵ ਸਿੰਘ ਖੁਰਾਣਾ ਨੇ ਨਿਭਾਈ।
ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਕੌਂਕੇ ਨੇ ਕਿਹਾ ਕਿ ਡਾ. ਸੁਧਾ ਓਮ ਢੀਂਗਰਾ ਦੀਆਂ ਕਹਾਣੀਆਂ ਪ੍ਰਵਾਸੀ ਸਾਹਿਤ ਵਿੱਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਪ੍ਰਵਾਸੀ ਧਰਤੀ 'ਤੇ ਰਹਿ ਰਹੇ ਬਜ਼ੁਰਗਾਂ ਦੀਆਂ ਸਮੱਸਿਆਵਾਂ, ਭਾਰਤੀ ਡਾਇਸਪੋਰਾ ਦੀ ਜ਼ਿੰਦਗੀ, ਦੇਸੀ ਅਤੇ ਵਿਦੇਸ਼ੀ ਸੱਭਿਆਚਾਰ ਦੇ ਟਕਰਾਅ ਅਤੇ ਨਵੀਂ-ਪੁਰਾਣੀ ਪੀੜ੍ਹੀ ਦਰਮਿਆਨ ਪੈਦਾ ਹੋ ਰਹੇ ਫਾਸਲਿਆਂ ਨੂੰ ਬੇਹੱਦ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਅਨੁਵਾਦ ਸਾਹਿਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਡਾ. ਅਮਰਜੀਤ ਕੌਂਕੇ ਨੇ ਅਨੁਵਾਦ ਨੂੰ ਇੰਨੀ ਸਹਿਜਤਾ ਅਤੇ ਸੁੰਦਰਤਾ ਨਾਲ ਪੇਸ਼ ਕੀਤਾ ਹੈ ਕਿ ਪਾਠਕ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕਿਸੇ ਹੋਰ ਭਾਸ਼ਾ ਦੀਆਂ ਕਹਾਣੀਆਂ ਪੜ੍ਹ ਰਿਹਾ ਹੈ।
ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਇੱਕ ਭਾਸ਼ਾ ਦੇ ਮੁਹਾਵਰਿਆਂ ਨੂੰ ਦੂਜੀ ਭਾਸ਼ਾ ਵਿੱਚ ਉਸੇ ਭਾਵ ਨਾਲ ਢਾਲਣਾ ਬਹੁਤ ਹੀ ਜਟਿਲ ਕੰਮ ਹੁੰਦਾ ਹੈ, ਪਰ ਡਾ. ਅਮਰਜੀਤ ਕੌਂਕੇ ਨੇ ਇਸ ਚੁਣੌਤੀ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਨਿਭਾਇਆ ਹੈ। ਇਸ ਮੌਕੇ ਇਕਬਾਲ ਸਿੰਘ ਸੱਬਰਵਾਲ, ਸੰਦੀਪ ਜਸਵਾਲ, ਨਵਦੀਪ ਮੁੰਡੀ ਅਤੇ ਹੋਰ ਹਾਜ਼ਰ ਸਾਹਿਤ ਪ੍ਰੇਮੀਆਂ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਵਿਚਾਰ-ਚਰਚਾ ਤੋਂ ਬਾਅਦ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਗੁਰਵਿੰਦਰ ਅਮਨ, ਕੁਲਵੰਤ ਸਿੰਘ ਜੱਸਲ, ਸੁਰਿੰਦਰ ਕੌਰ ਬਾੜਾ, ਸਤਵੰਤ ਕੌਰ, ਪ੍ਰੀਤ ਮਾਹਲ ਸਿੰਘ, ਸੁਨੀਤਾ, ਕਰਮ ਸਿੰਘ ਹਕੀਰ, ਰਣਜੀਤ ਸਿੰਘ, ਹਰਪਾਲ ਸਿੰਘ ਪਾਲ, ਡਾ. ਹਰਜੀਤ ਸਿੰਘ ਸੱਧਰ, ਸੰਦੀਪ ਜਸਵਾਲ, ਨਵਦੀਪ ਮੁੰਡੀ, ਜਾਗਰ ਸਿੰਘ, ਡੀ.ਪੀ. ਸਿੰਘ ਸਮੇਤ ਅਨੇਕਾਂ ਕਵੀਆਂ ਅਤੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਦੇ ਵਿਭਿੰਨ ਰੰਗ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਪ੍ਰੋਗਰਾਮ ਦਾ ਸੰਚਾਲਨ ਬਲਦੇਵ ਸਿੰਘ ਖੁਰਾਣਾ ਨੇ ਆਪਣੀਆਂ ਕਾਵਿਕ ਟਿੱਪਣੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।