ਨਵਾਂਸ਼ਹਿਰ (ਦੇਸ ਰਾਜ ਬਾਲੀ):- ਭਗਵਾਨ ਬਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ੍ਰੀਮਤੀ ਸੰਗੀਤਾ ਗਿੱਲ, ਐਮ.ਸੀ. ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਵਿੱਕੀ ਗਿੱਲ, ਪ੍ਰੇਰਕ ਗੌਰਵ, 26ਵੀਂ ਵਾਰ ਖੂਨਦਾਨ ਕਰਨ ਵਾਲੇ ਲਖਵੀਰ ਸਿੰਘ ਰਾਹੋਂ, ਅਜੇ ਚੇਚੀ, ਜੀ.ਐਸ. ਤੂਰ, ਜੇ.ਐਸ. ਗਿੱਦਾ ਅਤੇ ਮੈਨੇਜਰ ਮਨਮੀਤ ਸਿੰਘ ਹਾਜ਼ਰ ਸਨ।

ਕੈਂਪ ਦਾ ਆਯੋਜਨ ਭਗਵਾਨ ਬਾਲਮੀਕੀ ਨੌਜਵਾਨ ਸਭਾ, ਸਲੋਹ ਵੱਲੋਂ ਬੀ.ਡੀ.ਸੀ. ਦੇ ਤਕਨੀਕੀ ਸਹਿਯੋਗ ਨਾਲ ਕੀਤਾ ਗਿਆ। ਡਾ. ਅਜੇ ਬੱਗਾ ਦੀ ਅਗਵਾਈ ਹੇਠ ਬੀ.ਡੀ.ਸੀ. ਦੀ ਤਕਨੀਕੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਇਕੱਠਾ ਕੀਤਾ। ਕੈਂਪ ਵਿੱਚ ਕੁੱਲ 50 ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ।

ਇਸ ਮੌਕੇ ਜੀ.ਐਸ. ਤੂਰ, ਜੇ.ਐਸ. ਗਿੱਦਾ ਅਤੇ ਡਾ. ਅਜੇ ਬੱਗਾ ਨੇ ਭਗਵਾਨ ਬਾਲਮੀਕੀ ਜੀ ਪ੍ਰਤੀ ਸ਼ਰਧਾ ਭਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਨੂੰ ਗਿਆਨ ਵੰਡਣ ਦੀ ਮਹਾਨ ਅਤੇ ਪਵਿੱਤਰ ਸੇਵਾ ਕੀਤੀ। ਇਸੇ ਲਈ ਉਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਕਲਮ ਦਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਬਾਲਮੀਕੀ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਅੱਜ ਲੋਕ ਪੁੰਨ ਦੇ ਕਾਰਜ ਕਰ ਰਹੇ ਹਨ। ਬੀ.ਡੀ.ਸੀ. ਵੱਲੋਂ ਇਸ ਮੌਕੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।