ਅੰਬਾਲਾ, 31 ਮਈ:- ਬ੍ਰਾਹਮਣ ਮਾਜਰਾ ਪਿੰਡ ਵਿਚ ਰਵੀਦਾਸ ਮੰਦਰ ਦੇ ਬਾਹਰ ਬੱਸ ਕਿਊ ਸ਼ੈਲਟਰ ਦੀ ਉਸਾਰੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਗੰਭੀਰ ਰੂਪ ਧਾਰਨ ਕਰ ਗਿਆ ਹੈ। ਬਾਅਦ ਵਿਚ ਵਾਪਰੀਆਂ ਦੋ ਘਟਨਾਵਾਂ ਜਨਤਕ ਵਾਟਰ ਕੂਲਰ ਤੇ ਮੱਝ ਨਹਿਲਾਉਣ ਅਤੇ ਗੁਹਾਰਿਆਂ ਨੂੰ ਅੱਗ ਲਾਏ ਜਾਣ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਕੱਲ੍ਹ ਸ਼ਨੀਵਾਰ ਨੂੰ ਪਿੰਡ ਵਿੱਚ ਬਣੇ ਤਣਾਅ ਨੂੰ ਮੁੱਖ ਰੱਖਦਿਆਂ ਸਾਵਧਾਨੀ ਵਜੋਂ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਝੜਪ ਤੋਂ ਬਾਅਦ ਦੋਵਾਂ ਧਿਰਾਂ ਨੇ ਮਹੇਸ਼ ਨਗਰ ਥਾਣੇ ਵਿਚ ਸ਼ਿਕਾਇਤਾਂ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ।
 ਉਸੇ ਸ਼ਾਮ ਡੀਐਸਪੀ ਹਿਤੇਸ਼ ਅਤੇ ਅੰਬਾਲਾ ਸਿਟੀ ਡੀਐਸਪੀ ਜਗਬੀਰ ਦੀ ਮੌਜੂਦਗੀ ਵਿੱਚ ਇੱਕ ਪੰਚਾਇਤ ਵੀ ਹੋਈ ਜਿਸ ਵਿਚ ਸਰਪੰਚ ਅਤੇ ਪੰਚ ਸਮੇਤ ਹਰੇਕ ਧਿਰ ਦੇ ਤਿੰਨ ਮੈਂਬਰ ਮੌਜੂਦ ਸਨ। ਕਥਿਤ ਤੌਰ 'ਤੇ ਦੋਹਾਂ ਧਿਰਾਂ ਵਿਚਕਾਰ ਸਹਿਮਤੀ ਬਣ ਗਈ ਸੀ ਅਤੇ ਦੋਹਾਂ ਧਿਰਾਂ ਦੇ ਰਸਮੀ ਸਹਿਮਤੀ ਫਾਰਮ 'ਤੇ ਦਸਤਖ਼ਤ ਵੀ ਹੋ ਗਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੱਕ ਕੋਈ ਉਸਾਰੀ ਜਾਂ ਤਬਦੀਲੀ ਨਹੀਂ ਕਰਨਗੇ।
 ਅਧਿਕਾਰੀਆਂ ਵੱਲੋਂ ਸਾਈਟ ਦਾ ਮੁਆਇਨਾ ਕਰਨ ਤੱਕ ਦੋਵੇਂ ਧਿਰਾਂ ਸ਼ਾਂਤੀ ਬਣਾਈ ਰੱਖਣਗੀਆਂ। ਦੋਹਾਂ ਧਿਰਾਂ ਨੇ ਇਕ=ਦੂਜੇ ਤੇ ਲੜਾਈ ਦਾ ਦੋਸ਼ ਲਾਉਂਦਿਆਂ ਸ਼ਿਕਾਇਤਾਂ ਦਰਜ ਕਰਾਈਆਂ ਸਨ। ਇਕ ਧਿਰ, ਜਿਸ ਵਿਚ ਭੀਮ ਆਰਮੀ ਸੈਨਾ ਦੇ ਸੂਬਾ ਪ੍ਰਧਾਨ ਕਮਲ ਕੁਮਾਰ ਵੀ ਸ਼ਾਮਲ ਸਨ, ਨੇ ਹਮਲੇ ਦਾ ਵਿਰੋਧ ਕਰਨ ਲਈ ਛਾਉਣੀ ਸਿਵਲ ਹਸਪਤਾਲ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਮਹੇਸ਼ ਨਗਰ ਥਾਣੇ ਤੱਕ ਪੈਦਲ ਮਾਰਚ ਕੀਤਾ। 
ਥਾਣੇ ਦੇ ਬਾਹਰ ਵੀ ਵੱਡੀ ਭੀੜ ਇਕੱਠੀ ਹੋ ਗਈ। ਭੀੜ ਨੂੰ ਸੰਬੋਧਨ ਕਰਦਿਆਂ ਕਮਲ ਕੁਮਾਰ ਨੇ ਦੋਸ਼ ਲਾਇਆ ਕਿ ਬ੍ਰਾਹਮਣ ਮਾਜਰਾ ਪਿੰਡ ਵਿਚ ਕਥਿਤ ਜਾਤੀਵਾਦੀ ਮਾਨਸਿਕਤਾ ਦੇ ਲੋਕਾਂ ਨੇ ਕੱਲ੍ਹ ਸਾਡੀ ਬਸਤੀ ਵਿਚ ਵੜ ਕੇ ਸਾਡੀਆਂ ਮਹਿਲਾਵਾਂ ਨੂੰ ਕੁੱਟਿਆ-ਮਾਰਿਆ ਅਤੇ ਕੱਪੜੇ ਪਾੜੇ। ਇਕ ਮਹਿਲਾ ਦੇ ਸਿਰ ਵਿਚ 14 ਅਤੇ ਦੂਜੀ ਦੇ 10 ਟਾਂਕੇ ਲੱਗੇ ਹਨ, ਤੀਜੀ ਨੂੰ ਗੁਪਤ ਸੱਟਾਂ ਲੱਗੀਆਂ ਹਨ।
 ਸਰਵ ਸਮਾਜ ਨੇ ਮਿਲ ਕੇ ਪੁਲੀਸ ਪ੍ਰਸ਼ਾਸਨ ਐਸਐਚਓ ਮਹੇਸ਼ ਨਗਰ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਜੋ ਦੋਸ਼ੀ ਹਨ, ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਵੇ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਸਵਾਲ ਕੀਤਾ ਕੀ ਪੁਲੀਸ ਪ੍ਰਸ਼ਾਸਨ ਕੇਵਲ ਦੋਸ਼ੀਆਂ ਨੂੰ ਬਚਾਉਣ ਲਈ ਹੈ, ਜਿਨ੍ਹਾਂ ਲੋਕਾਂ ਦੀ ਕੁੱਟ-ਮਾਰ ਕੀਤੀ ਗਈ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਹੈ? 
ਉਨ੍ਹਾਂ ਕਿਹਾ ਜੇ ਦੂਜੀ ਧਿਰ ਦੇ ਕਿਸੇ ਨੂੰ ਸੱਟ ਲੱਗ ਜਾਂਦੀ ਤਾਂ ਸਾਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੁਲੀਸ ਪ੍ਰਸ਼ਾਸਨ ਇਸ ਗੱਲ ਨੂੰ ਸ਼ਾਦ ਰੱਖੇ ਕਿ ਜੇ ਮੁਕੱਦਮਾ ਦਰਜ ਨਾ ਹੋਇਆ ਤਾਂ ਅੰਬਾਲਾ ਤੋਂ ਬ੍ਰਾਹਮਣ ਮਾਜਰਾ ਤੱਕ ਜਾਨ ਲਾ ਦਿਆਂਗੇ, ਤੁਸੀਂ ਦੇਖਦੇ ਰਹਿ ਜਾਵੋਗੇ ਕਿ ਹੋ ਕੀ ਗਿਆ ਹੈ।
ਜ਼ਿਕਰਯੋਗ ਹੈ ਕਿ ਭੀਮ ਆਰਮੀ ਦੇ ਸੂਬਾ ਪ੍ਰਧਾਨ ਕਮਲ ਕੁਮਾਰ ਨੇ ਅੱਜ ਵੀ ਆਪਣੇ ਫੇਸ-ਬੁੱਕ ਪੇਜ ਤੇ ਲਾਈਵ ਹੋ ਕੇ ਬ੍ਰਾਹਮਣ ਮਾਜਰਾ ਕਲੇਸ਼ ਸਬੰਧੀ ਸੰਬੋਧਨ ਕੀਤਾ ਹੈ।
ਡੀਐਸਪੀ ਅੰਬਾਲਾ ਕੈਂਟ ਹਿਤੇਸ਼ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਨੂੰ ਇਸ ਮਾਮਲੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।