ਨਵਾਂਸ਼ਹਿਰ:- ਪਿੰਡ ਭੀਣ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਦੌਰਾਨ ਹੜ ਪੀੜਤਾਂ ਲਈ ਇਕੱਤਰ ਕੀਤੀ ਗਈ ਇੱਕ ਲੱਖ 10 ਹਜਾਰ ਦੀ ਸਹਾਇਤਾ ਰਾਸ਼ੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨਵਾਂਸ਼ਹਿਰ ਨੂੰ ਭੇਟ ਕੀਤੀ ਗਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ, ਮਾ: ਕੁਲਵਿੰਦਰ ਸਿੰਘ ਢੇਸੀ, ਗ੍ਰੰਥੀ ਗੁਰਨਾਮ ਸਿੰਘ ਵਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਮਾਇਆ ਰਾਸ਼ੀ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਉੱਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ ਅਤੇ ਉਨ੍ਹਾਂ ਦੇ ਨਾਲ ਆਈ ਸਮੁੱਚੀ ਟੀਮ ਦੇ ਸਪੁਰਦ ਕੀਤੀ ਗਈ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਮਾ: ਕੁਲਵਿੰਦਰ ਸਿੰਘ ਢੇਸੀ ਨੇ ਕਿਹਾ ਪਿੰਡ ਦੀਆਂ ਸੰਗਤਾਂ ਵਲੋਂ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਦੌਰਾਨ ਇਹ ਸੇਵਾ ਹੜ੍ਹ ਪੀੜਤਾਂ ਵਾਸਤੇ ਇਕੱਠੀ ਕੀਤੀ ਗਈ ਸੀ ਅਤੇ ਪ੍ਰਬੰਧਕ ਸੱਜਣ ਲੋੜਵੰਦਾਂ ਤੱਕ ਇਹ ਸੇਵਾ ਪਹੁੰਚਾਉਣ ਲਈ ਕਿਸੇ ਯੋਗ ਸੰਸਥਾ ਦੀ ਭਾਲ ਵਿਚ ਸਨ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜੋ ਕਿ ਹੜ੍ਹਾਂ ਦੇ ਪਹਿਲੇ ਦਿਨ ਤੋਂ ਹੀ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਰਾਹਤ ਕਾਰਜਾਂ ਲਈ ਵੱਡੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਉਸ ਵਲੋਂ ਹੁਣ ਹੜ੍ਹਾਂ ਦੌਰਾਨ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗ ਚੁੱਕੇ ਸਨ, ਉਨ੍ਹਾਂ ਦੇ ਮੁੜ ਵਸੇਬੇ ਲਈ ਉਸਾਰੀ ਦੇ ਕੰਮ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਇਸ ਮਿਸ਼ਨ ਦੀ ਪੂਰਤੀ ਲਈ ਨਿਰੰਤਰ ਸੇਵਾਵਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਡਮੁੱਲੀਆਂ ਸੇਵਾਵਾਂ ਦੇ ਮੱਦੇਨਜ਼ਰ ਸੰਗਤਾਂ ਵਲੋਂ ਇਕੱਤਰ ਮਾਇਆ ਸੁਸਾਇਟੀ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਲੋੜਵੰਦ ਹੜ੍ਹ ਪੀੜਤਾਂ ਦੇ ਮਕਾਨ ਬਣਾਉਣ ਵਿਚ ਇਸ ਦਾ ਸਦਉਪਯੋਗ ਹੋ ਸਕੇ।
ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਸੁਸਾਇਟੀ ਦੇ ਭਰੋਸਾ ਕਰਦੇ ਹੋਏ ਇਹ ਸੇਵਾ ਲੋੜਵੰਦ ਹੜ੍ਹ ਪੀੜਤਾਂ ਤੱਕ ਪਹੁੰਚਾਉਣ ਲਈ ਸੁਸਾਇਟੀ ਨੂੰ ਭੇਟ ਕੀਤੀ ਹੈ। ਉਨ੍ਹਾਂ ਕਿਹਾ ਸੋਸਾਇਟੀ ਪਿੰਡ ਦੀਆਂ ਸੰਗਤਾਂ ਦੇ ਭਰੋਸੇ ਅਤੇ ਭਾਵਨਾਵਾਂ ਮੁਤਾਬਿਕ ਇਹ ਸੇਵਾ ਇਨ ਬਿਨ ਹੜ੍ਹ ਪੀੜਤਾਂ ਲਈ ਉਸਾਰੇ ਜਾ ਰਹੇ ਮਕਾਨਾਂ ਤੇ ਖਰਚ ਕਰੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੇ ਕਰੀਬ ਸੱਤ ਮਕਾਨਾਂ ਦੀ ਸੇਵਾ ਦੀ ਸੇਵਾ ਲਈ ਗਈ ਹੈ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ ਪਿੰਡ ਦੇ ਮੋਹਤਬਰ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਗੁ: ਕਮੇਟੀ ਮੈਂਬਰ ਹਰਪ੍ਰੀਤ ਸਿੰਘ, ਤਰਸੇਮ ਸਿੰਘ, ਮਨਜੀਤ ਕੌਰ, ਗੁਰਜਿੰਦਰ ਕੌਰ, ਕੁਲਦੀਪ ਕੌਰ, ਵੀ ਸ਼ਾਮਲ ਸਨ । ਸੁਸਾਇਟੀ ਟੀਮ ਵਿਚ ਸੁਰਜੀਤ ਸਿੰਘ, ਦੀਦਾਰ ਸਿੰਘ ਤੋਂ ਇਲਾਵਾ ਜਗਜੀਤ ਸਿੰਘ ਜਨਰਲ ਸਕੱਤਰ, ਮੁਖਵਿੰਦਰਪਾਲ ਸਿੰਘ, ਮਨਮੋਹਨ ਸਿੰਘ ਕੰਵਲ ਮੌਜੂਦ ਸਨ।
ਭੀਣ ਪਿੰਡ ਦੀ ਸੰਗਤ ਵੱਲੋਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 110 ਲੱਖ ਦੀ ਸਹਾਇਤਾ ਰਾਸ਼ੀ ਭੇਟ
