ਤ੍ਰਿਪੜੀ, ਪਟਿਆਲਾ (ਮਨਪ੍ਰੀਤ ਸਿੰਘ):- ਬਸੰਤ ਰਿਤੂ ਯੂਥ ਕਲੱਬ, ਤ੍ਰਿਪੜੀ, ਪਟਿਆਲਾ ਵੱਲੋਂ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਦੇ ਸਾਹਮਣੇ ਮਹੀਨਾਵਾਰ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਯਸ਼ਪਾਲ ਬੇਦੀ ਨੇ ਕੀਤੀ।

ਕਲੱਬ ਦੇ ਪ੍ਰਧਾਨ ਇੰਜੀ. ਆਕਰਸ਼ ਸ਼ਰਮਾ ਨੇ ਦੱਸਿਆ ਕਿ ਡਾ. ਆਸ਼ਾ ਪ੍ਰੀਤਪਾਲ ਕੌਰ ਦੀ ਅੱਖਾਂ ਦੇ ਮਾਹਿਰ ਸਰਜਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਪੰਜ ਲੋੜਵੰਦ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਜ਼ ਪਾਉਣ ਦੇ ਆਪਰੇਸ਼ਨ ਕੀਤੇ ਗਏ।

ਡਾ. ਆਸ਼ਾ ਪ੍ਰੀਤਪਾਲ ਕੌਰ ਨੇ ਕਿਹਾ ਕਿ ਬਸੰਤ ਰਿਤੂ ਯੂਥ ਕਲੱਬ, ਤ੍ਰਿਪੜੀ ਪਿਛਲੇ 33 ਸਾਲਾਂ ਤੋਂ ਲੋੜਵੰਦ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਜ਼ ਪਾਉਣ ਦੇ ਆਪਰੇਸ਼ਨ ਕਰਵਾ ਰਿਹਾ ਹੈ, ਜੋ ਪਰਉਪਕਾਰ ਅਤੇ ਨਿਸ਼ਕਾਮ ਸੇਵਾ ਦੀ ਇੱਕ ਸ਼ਾਨਦਾਰ ਮਿਸਾਲ ਹੈ।

ਕਲੱਬ ਦੇ ਚੇਅਰਮੈਨ ਰਾਜੇਸ਼ ਸ਼ਰਮਾ ਰਾਮਟਟਵਾਲੀ ਨੇ ਦੱਸਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਹਰ ਮਹੀਨੇ ਲਗਾਏ ਜਾਂਦੇ ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ ਦਾ ਲਾਭ ਲੈਣ ਲਈ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਤੋਂ ਵੀ ਲੋਕ ਆਉਂਦੇ ਹਨ। ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਕਲੱਬ ਵੱਲੋਂ ਆਉਣ-ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਕਲੱਬ ਵੱਲੋਂ ਹੁਣ ਤੱਕ ਲਗਭਗ 1,500 ਲੋੜਵੰਦ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਜ਼ ਪਾਉਣ ਦੇ ਆਪਰੇਸ਼ਨ ਕਰਵਾਏ ਜਾ ਚੁੱਕੇ ਹਨ।

ਇਸ ਪ੍ਰੋਗਰਾਮ ਵਿੱਚ ਸੰਤੋਸ਼ ਕੁਮਾਰ ਲਾਲਵਾਨੀ, ਦੀਪਕ ਕੁਮਾਰ, ਧਰਮਿੰਦਰ ਕੁਮਾਰ, ਮੇਹਰਵਾਨ ਸਿੰਘ ਮਾਗੋ, ਰਮਾਕਾਂਤ ਦੂਬੇ, ਹਰਜੀਤ ਸਿੰਘ ਆਦਿ ਨੇ ਭਾਗ ਲਿਆ।