ਪਟਿਆਲਾ:- ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੇ ਮੌਕੇ 'ਤੇ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਨਹਿਰੂ ਪਾਰਕ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਸੰਸਥਾ ਹਮੇਸ਼ਾ ਸਮਾਜ ਭਲਾਈ ਅਤੇ ਵਾਤਾਵਰਨ ਸੰਭਾਲ ਨਾਲ ਜੁੜੇ ਕਾਰਜਾਂ ਨੂੰ ਤਰਜੀਹ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਅੱਜ ਦੇ ਸਮੇਂ ਦੀਆਂ ਸਭ ਤੋਂ ਵੱਡੀਆਂ ਵਾਤਾਵਰਨੀ ਚੁਣੌਤੀਆਂ ਵਿੱਚੋਂ ਇੱਕ ਹੈ। ਪਲਾਸਟਿਕ ਨਾ ਤਾਂ ਆਸਾਨੀ ਨਾਲ ਨਸ਼ਟ ਹੁੰਦੀ ਹੈ ਅਤੇ ਨਾ ਹੀ ਇਹ ਵਾਤਾਵਰਨ ਲਈ ਸੁਰੱਖਿਅਤ ਹੈ। ਬਰਸਾਤਾਂ ਦੌਰਾਨ ਪਲਾਸਟਿਕ ਦੇ ਲਿਫ਼ਾਫ਼ੇ ਨਾਲੀਆਂ ਨੂੰ ਜਾਮ ਕਰਕੇ ਜਲ ਭਰਾਅ ਅਤੇ ਹੜ੍ਹਾਂ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ **"ਪਲਾਸਟਿਕ ਦੇ ਬੈਗ ਨੂੰ ਕਰੋ ਨਾਂਹ, ਸੂਤੀ ਕੱਪੜੇ ਦੇ ਥੈਲੇ ਨੂੰ ਕਰੋ ਹਾਂ"** ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਅਪਣਾਇਆ ਜਾਵੇ।
ਮੇਅਰ ਗੋਗੀਆ ਨੇ ਦੱਸਿਆ ਕਿ 21 ਜੂਨ ਨੂੰ ਉਪਕਾਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ **"ਕਲੀਨ ਪਟਿਆਲਾ, ਗ੍ਰੀਨ ਪਟਿਆਲਾ"** ਮੁਹਿੰਮ ਦੌਰਾਨ ਗ੍ਰੀਨ ਐਵਾਰਡ ਵੀ ਪ੍ਰਦਾਨ ਕੀਤੇ ਗਏ ਸਨ, ਜੋ ਹਰ ਸਾਲ ਉਨ੍ਹਾਂ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਦਿੱਤੇ ਜਾਣਗੇ ਜੋ ਪਾਰਕਾਂ ਦੀ ਸਫ਼ਾਈ ਅਤੇ ਵਾਤਾਵਰਨ ਸੰਭਾਲ ਲਈ ਵਿਸ਼ੇਸ਼ ਯੋਗਦਾਨ ਪਾਉਣਗੇ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਕਿਹਾ ਕਿ ਪਹਿਲਾਂ ਲੋਕ ਆਪਣੇ ਘਰਾਂ ਵਿੱਚ ਹੀ ਕੱਪੜੇ ਦੇ ਥੈਲੇ ਤਿਆਰ ਕਰਕੇ ਵਰਤਦੇ ਸਨ, ਜੋ ਵਾਤਾਵਰਨ ਲਈ ਬਹੁਤ ਹੀ ਲਾਭਦਾਇਕ ਰਿਵਾਜ ਸੀ। ਉਨ੍ਹਾਂ ਕਿਹਾ ਕਿ ਇਸ ਪਰੰਪਰਾ ਨੂੰ ਮੁੜ ਅਪਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਇਸ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪਲਾਸਟਿਕ-ਮੁਕਤ ਸਮਾਜ ਦੀ ਸਿਰਜਣਾ ਵਿੱਚ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਅੱਜ ਤੋਂ ਹੀ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁੱਕੀ। ਉਨ੍ਹਾਂ ਉਪਕਾਰ ਸਿੰਘ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਮੇਂ-ਸਮੇਂ 'ਤੇ ਵਾਤਾਵਰਨ ਸੰਭਾਲ, ਨੋ-ਪਲਾਸਟਿਕ ਮੁਹਿੰਮ, ਸਫ਼ਾਈ ਅਭਿਆਨ, ਮੈਡੀਕਲ ਕੈਂਪ, ਅੱਖਾਂ ਦੇ ਆਪ੍ਰੇਸ਼ਨ ਕੈਂਪ ਅਤੇ ਹੋਰ ਲੋਕ ਭਲਾਈ ਦੇ ਕਾਰਜ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ ਲਗਭਗ 300 ਸਮਾਜ ਸੇਵੀ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਲੋੜਵੰਦ ਵਿਦਿਆਰਥੀਆਂ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਸਮੇਂ-ਸਮੇਂ 'ਤੇ ਸਹਾਇਤਾ ਵੀ ਕੀਤੀ ਜਾਂਦੀ ਹੈ।
ਸਮਾਗਮ ਦੌਰਾਨ ਵਾਤਾਵਰਨ ਸੰਭਾਲ ਅਤੇ ਪਲਾਸਟਿਕ-ਮੁਕਤ ਸਮਾਜ ਦੀ ਸਿਰਜਣਾ ਲਈ ਸਾਰਿਆਂ ਨੇ ਮਿਲ ਕੇ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਵੀ ਲਿਆ।