ਅੰਬਾਲਾ, 24 ਜੂਨ:- ਅੰਬਾਲਾ ਪੁਲੀਸ ਦੇ ਐਂਟੀ ਨਾਰਕੋਟਿਕ ਸੈੱਲ (ਏਐਨਸੀ) ਦੀ ਟੀਮ ਨੇ 19 ਜੂਨ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਦਿੱਲੀ ਵਿੱਚ ਛਾਪੇਮਾਰੀ ਕਰਕੇ ਨਾਇਜੇਰੀਅਨ ਮੂਲ ਦੇ ਦੋਸ਼ੀ ਨੂੰ ਨਾਈਜੀਰੀਆ ਕੀਤਾ ਹੈ ਜੋ ਸਟੱਡੀ ਵੀਜ਼ੇ 'ਤੇ ਭਾਰਤ ਆਉਣ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਮੁਲਜ਼ਮ ਕੋਲੋਂ ਲਗਭਗ 30 ਲੱਖ ਰੁਪਏ ਮੁੱਲ ਦੀ ਸਿੰਥੈਟਿਕ ਡਰੱਗਜ਼ ਬਰਾਮਦ ਕਰਕੇ ਨਸ਼ਾ ਤਸਕਰੀ ਚੇਨ ਦਾ ਪਰਦਾਫਾਸ਼ ਕੀਤਾ ਹੈ। 
ਆਈਜੀਪੀ ਅੰਬਾਲਾ ਡਿਵੀਜ਼ਨ ਪੰਕਜ ਨੈਨ ਅਤੇ ਐਸ.ਪੀ ਅੰਬਾਲਾ, ਅਜੀਤ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਅੰਬਾਲਾ ਪੁਲੀਸ ਦੇ ਐਂਟੀ-ਨਾਰਕੋਟਿਕਸ ਸੈੱਲ (ਏਐਨਸੀ) ਦੇ ਇੰਸਪੈਕਟਰ ਰਿਸ਼ੀਪਾਲ ਦੀ ਅਗਵਾਈ ਵਾਲੀ ਟੀਮ ਨੇ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ, 'ਆਪ੍ਰੇਸ਼ਨ ਮੈਦਾਨ 2.0' ਤਹਿਤ ਤਕਨੀਕੀ ਸਰੋਤਾਂ ਦੀ ਵਰਤੋਂ ਕਰਦੇ ਹੋਏ  ਦਿੱਲੀ ਤੋਂ ਇੱਕ ਵਿਦੇਸ਼ੀ (ਨਾਇਜੇਰੀਅਨ) ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਜਾਣਕਾਰੀ ਦੇ ਆਧਾਰ 'ਤੇ ਦਿੱਲੀ ਵਿੱਚ ਉਸ ਦੇ ਕਿਰਾਏ ਦੇ ਘਰ ਤੋਂ 294 ਗਰਾਮ ਪਾਬੰਦੀਸ਼ੁਦਾ ਸਿੰਥੈਟਿਕ ਡਰੱਗ MDMA, ਜਿਸ ਨੂੰ ਆਮ ਤੌਰ 'ਤੇ "ਪਾਰਟੀ ਡਰੱਗ" ਵਜੋਂ ਜਾਣਿਆ ਜਾਂਦਾ ਹੈ, ਬਰਾਮਦ ਕੀਤੀ। 
ਡੀਐਸਪੀ ਅੰਬਾਲਾ ਜਗਬੀਰ ਮਲਿਕ ਨੇ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 19 ਜੂਨ, 2026 ਨੂੰ ਗਸ਼ਤ ਅਤੇ ਚੈਕਿੰਗ ਦੌਰਾਨ ਅੰਬਾਲਾ ਏਐਨਸੀ ਟੀਮ ਨੇ ਦੋ ਨਸ਼ਾ ਤਸਕਰਾਂ-ਸੁਰਿੰਦਰ (ਕੁਰੂਕਸ਼ੇਤਰ ਨਿਵਾਸੀ) ਅਤੇ ਉਸ ਦੀ ਮਹਿਲਾ ਸਾਥੀ-ਨੂੰ 55 ਗਰਾਮ ਹੈਰੋਇਨ ਸਮੇਤ ਉਸ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਇੱਕ ਮੋਟਰਸਾਈਕਲ 'ਤੇ ਦਿੱਲੀ ਤੋਂ ਅੰਬਾਲਾ ਆ ਰਹੇ ਸਨ। ਦੋਵਾਂ ਮੁਲਜ਼ਮਾਂ ਵਿਰੁੱਧ ਪੜਾਓ ਥਾਣੇ ਵਿੱਚ ਐਨਡੀਪੀਐਸ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਰਿਮਾਂਡ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਦਿੱਲੀ ਵਿੱਚ ਰਹਿਣ ਵਾਲੇ ਇੱਕ ਨਾਇਜੇਰੀਅਨ ਸਪਲਾਇਰ ਤੋਂ ਨਸ਼ੀਲੇ ਪਦਾਰਥ ਖ਼ਰੀਦਣ ਦੀ ਗੱਲ ਕਬੂਲ ਕੀਤੀ। ਇਸ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏਐਨਸੀ ਇੰਚਾਰਜ ਇੰਸਪੈਕਟਰ ਰਿਸ਼ੀਪਾਲ ਦੀ ਟੀਮ ਨੇ ਤਕਨੀਕੀ ਨਿਗਰਾਨੀ ਅਤੇ ਖ਼ੁਫ਼ੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਇੱਕ ਜਾਲ ਵਿਛਾਇਆ ਅਤੇ ਦਿੱਲੀ ਵਿੱਚ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਦੇਸ਼ੀ ਦੋਸ਼ੀ ਦੀ ਪਛਾਣ ਮਬਾਚਾ ਇਕੇਚੁਕਵੂ ਡੇਵਿਡ ਵਜੋਂ ਹੋਈ ਹੈ ਜੋ ਕਿ ਇਮੋ ਸਟੇਟ, ਨਾਈਜੀਰੀਆ ਦਾ ਰਹਿਣ ਵਾਲਾ ਹੈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਖ਼ੁਲਾਸਾ ਕੀਤਾ ਕਿ ਉਹ 'ਸਟੱਡੀ ਵੀਜ਼ਾ' 'ਤੇ ਭਾਰਤ ਆਇਆ ਸੀ ਜਿਸ ਦੀ ਆੜ ਵਿੱਚ ਉਹ ਇਸ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕਾਰੋਬਾਰ ਕਰ ਰਿਹਾ ਸੀ।
ਗ੍ਰਿਫ਼ਤਾਰ ਕੀਤੇ ਗਏ ਨਾਇਜੇਰੀਅਨ ਮੂਲ ਦੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਲਿਆ ਗਿਆ। ਡੀਐਸਪੀ ਜਗਬੀਰ ਮਲਿਕ ਨੇ ਦੱਸਿਆ ਕਿ ਦੋਸ਼ੀ ਤੋਂ ਰਿਮਾਂਡ ਦੀ ਮਿਆਦ ਦੌਰਾਨ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਪੂਰੇ ਡਰੱਗ ਨੈੱਟਵਰਕ ਵਿੱਚ ਸ਼ਾਮਲ ਹੋਰ ਨਸ਼ਾ ਤਸਕਰਾਂ, ਸਥਾਨਕ ਏਜੰਟਾਂ ਅਤੇ ਖ਼ਰੀਦਦਾਰਾਂ ਦੀ ਪਛਾਣ ਕੀਤੀ ਜਾ ਸਕੇ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਡਰੱਗ ਨੂੰ ਰੇਵ ਪਾਰਟੀਆਂ ਦਾ ਜੀਵਨ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਬੋਲਚਾਲ ਵਿੱਚ "ਪਾਰਟੀ ਡਰੱਗ" ਜਾਂ "ਲਵ ਡਰੱਗ" ਵਜੋਂ ਵੀ ਜਾਣਿਆ ਜਾਂਦਾ ਹੈ।