ਹੁਸ਼ਿਆਰਪੁਰ, 30 ਜੁਲਾਈ:- ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ), ਹੁਸ਼ਿਆਰਪੁਰ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ, ਹੁਸ਼ਿਆਰਪੁਰ ਨੂੰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਉਠਾਉਂਦਿਆਂ ਲਗਾਤਾਰ ਹੋ ਰਹੇ ਪੇਪਰ ਲੀਕ, ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ-2020) ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਸਥਾਈ ਅਧਿਆਪਕਾਂ ਦੀ ਭਰਤੀ, ਸਮੇਂ ਸਿਰ ਸਕਾਲਰਸ਼ਿਪ ਜਾਰੀ ਕਰਨ, ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹ, ਨਸ਼ਾ-ਮੁਕਤ ਕੈਂਪਸ ਅਤੇ ਰੋਜ਼ਗਾਰ-ਕੇਂਦਰਿਤ ਸਿੱਖਿਆ ਵਰਗੀਆਂ ਮੰਗਾਂ ਰੱਖੀਆਂ ਗਈਆਂ।
ਇਸ ਮੌਕੇ ਏਬੀਵੀਪੀ ਪੰਜਾਬ ਦੇ ਪ੍ਰਾਂਤ ਸਹਿ ਮੰਤਰੀ ਅੰਕਿਤ ਕੁੰਦਰਾ ਨੇ ਕਿਹਾ ਕਿ ਲਗਾਤਾਰ ਹੋ ਰਹੇ ਪੇਪਰ ਲੀਕਾਂ ਨੇ ਲੱਖਾਂ ਮਿਹਨਤੀ ਵਿਦਿਆਰਥੀਆਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ਪੰਜਾਬ ਦੀ ਪ੍ਰੀਖਿਆ ਪ੍ਰਣਾਲੀ ਦੀਆਂ ਗੰਭੀਰ ਖਾਮੀਆਂ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਵਿਦਿਆਰਥੀ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਅੰਕਿਤ ਕੁੰਦਰਾ ਨੇ ਕਿਹਾ ਕਿ ਸਾਲ 2022 ਵਿੱਚ ਵਿਜੀਲੈਂਸ ਬਿਊਰੋ ਨੂੰ ਭੇਜੇ ਗਏ ਪੇਪਰ ਲੀਕ ਦੇ ਮਾਮਲੇ ਅਜੇ ਵੀ ਲੰਬਿਤ ਹਨ। ਉਨ੍ਹਾਂ ਸਵਾਲ ਕੀਤਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਮਾਮਲਿਆਂ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਕਿਉਂ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਸਾਰੇ ਲੰਬਿਤ ਮਾਮਲਿਆਂ ਦੀ ਸਮੇਂਬੱਧ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ, ਐਨਈਪੀ-2020 ਦੀ ਪੂਰੀ ਤਰ੍ਹਾਂ ਲਾਗੂਅਮਲੀ, ਸਥਾਈ ਅਧਿਆਪਕਾਂ ਦੀ ਭਰਤੀ, ਸਮੇਂ ਸਿਰ ਸਕਾਲਰਸ਼ਿਪ ਜਾਰੀ ਕਰਨ, ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਵਿਦਿਅਕ ਸੰਸਥਾਵਾਂ ਵਿੱਚ ਫੀਸਾਂ 'ਤੇ ਨਿਯੰਤਰਣ, ਕਰੀਅਰ ਅਤੇ ਪਲੇਸਮੈਂਟ ਸੈੱਲਾਂ ਦੀ ਸਥਾਪਨਾ ਅਤੇ ਉਦਯੋਗ-ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ।
ਇਸ ਮੌਕੇ ਅੰਕਿਤ ਕੁੰਦਰਾ (ਪ੍ਰਾਂਤ ਸਹਿ ਮੰਤਰੀ, ਏਬੀਵੀਪੀ ਪੰਜਾਬ), ਰਿਤੇਸ਼ ਸ਼ਰਮਾ (ਨਗਰ ਸਹਿ ਮੰਤਰੀ, ਏਬੀਵੀਪੀ ਹੁਸ਼ਿਆਰਪੁਰ) ਅਤੇ ਅਭਿਸ਼ੇਕ ਕੁਮਾਰ (ਇਕਾਈ ਮੈਂਬਰ, ਏਬੀਵੀਪੀ ਹੁਸ਼ਿਆਰਪੁਰ) ਸਮੇਤ ਹੋਰ ਕਾਰਕੁਨ ਹਾਜ਼ਰ ਸਨ।