ਅੰਬਾਲਾ, 22 ਫਰਵਰੀ:- ਅੰਬਾਲਾ-ਚੰਡੀਗੜ੍ਹ ਰੋਡ ਤੇ ਸੁਲਤਾਨਪੁਰ ਕੱਟ ਦੇ ਕੋਲ ਬੱਸ ਥੱਲੇ ਆਉਣ ਨਾਲ 52 ਸਾਲਾ ਵਿਅਕਤੀ ਦੀ ਮੌਤ ਹੋ ਗਈ।ਉਹ ਦੱਪੜ ਤੋਂ ਇਕ ਵਿਆਹ ਵਿਚ ਸ਼ਾਮਲ ਹੋ ਕੇ ਘਰ ਵਾਪਸ ਆ ਰਿਹਾ ਸੀ ਕਿ ਉਸ ਦੇ ਮੋਟਰ ਸਾਈਕਲ ਦਾ ਤੇਲ ਮੁੱਕ ਗਿਆ। ਜਦੋਂ ਉਹ ਪੈਦਲ ਸੜਕ ਪਾਰ ਕਰ ਰਿਹਾ ਸੀ ਤਾਂ ਇਕ ਵੋਲਵੋ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਨਿਵਾਸੀ ਪਿੰਡ ਮੰਗਲਈ ਵਜੋਂ ਹੋਈ।ਪੁਲੀਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨ ਤੇ ਵੋਲਵੋ ਬੱਸ ਦੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸੁਰਿੰਦਰ ਦੇ ਬੇਟੇ ਰਾਹੁਲ ਨੇ ਦੱਸਿਆ ਕਿ ਉਸ ਦਾ ਪਿਤਾ 20 ਫਰਵਰੀ ਨੂੰ ਦੱਪੜ ਨੇੜੇ ਤੋਗਾਪੁਰ ਪਿੰਡ ਵਿਚ ਇਕ ਸ਼ਾਦੀ ਵਿਚ ਸ਼ਾਮਲ ਹੋਣ ਗਿਆ ਸੀ।ਸ਼ਨੀਵਾਰ 21 ਫਰਵਰੀ ਨੂੰ ਰਾਤ ਕਰੀਬ ਸਵਾ 8 ਵਜੇ ਉਸ ਦੇ ਪਿਤਾ ਨੇ ਬੇਟੀ ਪਾਇਲ ਨੂੰ ਫੋਨ ਤੇ ਬਾਈਕ ਦਾ ਪੈਟਰੋਲ ਖ਼ਤਮ ਹੋਣ ਦੀ ਗੱਲ ਦੱਸ ਕੇ ਕਿਹਾ ਕਿ ਉਹ ਥੋੜ੍ਹੀ ਦੇਰ ਵਿਚ ਘਰ ਪਹੁੰਚੇਗਾ। ਉਸ ਤੋਂ ਬਾਅਦ ਉਸ ਦੇ ਪਿਤਾ ਦਾ ਫੋਨ ਬੰਦ ਹੋ ਗਿਆ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਕੇਸ਼ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਚ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੋਲਵੋ ਬੱਸ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਸੁਲਤਾਨਪੁਰ ਕੱਟ ਕੋਲ ਵੋਲਵੋ ਬੱਸ ਨੇ ਸੜਕ ਪਾਰ ਕਰਦਾ ਵਿਅਕਤੀ ਕੁਚਲਿਆ ਮੌਕੇ ਤੇ ਮੌਤ
