ਹੁਸ਼ਿਆਰਪੁਰ- ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਨੁਸਾਰ ਜਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਸ੍ਰੀ ਮੁਨੀਸ਼ ਸੋਢੀ ਅਤੇ ਉਹਨਾਂ ਦੀ ਟੀਮ ਵੱਲੋਂ ਅੱਜ ਸਵੇਰੇ ਤੜਕੇ ਸਬਜ਼ੀ ਮੰਡੀ ਟਾਂਡਾ ਅਤੇ ਸਬਜ਼ੀ ਮੰਡੀ ਦਸੂਹਾ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਬਜ਼ੀ ਮੰਡੀ ਵਿੱਚੋਂ ਮੌਸਮੀ ਫ਼ਲ ਜਿਵੇਂ ਕਿ ਕੇਲੇ, ਅੰਬ, ਹਦਵਾਣੇ, ਪਪੀਤਾ ਆਦਿ ਫ਼ਲਾਂ ਦੇ ਸੈਂਪਲ ਭਰੇ ਗਏ। ਗਲੇ ਸੜੇ ਨਿੰਬੂਆਂ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ।
ਇਸ ਤੋਂ ਉਪਰੰਤ ਕਸਬਾ ਹਾਜੀਪੁਰ ਦੇ ਬਾਜ਼ਾਰ ਵਿਚ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਹਨਾਂ ਵਿਚੋਂ ਸੌਸ, ਕੇਕ ਅਤੇ ਬਿਸਕੁਟਾਂ ਦੇ ਸੈਂਪਲ ਭਰੇ ਗਏ। ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਭਰੇ ਗਏ ਸੈਂਪਲਾਂ ਨੂੰ ਚੈਕਿੰਗ ਲਈ ਫੂਡ ਲੈਬ ਖਰੜ ਵਿਖੇ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਮੁੱਹਈਆ ਕਰਵਾਉਣ ਲਈ ਵਚਨਵੱਧ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਪਰੰਤ ਫੂਡ ਸੇਫਟੀ ਟੀਮ ਨੇ ਹਾਜੀਪੁਰ ਦੇ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਜਿਟ ਕੀਤਾ। ਹਾਜੀਪੁਰ ਦੀ ਮਾਰਕਿਟ ਦੇ ਦੁਕਾਨਦਾਰਾਂ ਨੂੰ ਵੀ ਸਕੂਲ ‘ਚ ਬੁਲਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਅਤੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਡੀਐਚਓ ਡਾ ਭਾਟੀਆ ਨੇ ਐਨਰਜੀ ਡਰਿੰਕ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਰਬਨ ਇਲਾਕੇ ਦੇ ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਅਤੇ ਪੇਂਡੂ ਇਲਾਕਿਆਂ ਦੇ ਸਕੂਲਾਂ ਦੇ 100 ਮੀਟਰ ਦੇ ਘੇਰੇ ਅੰਦਰ ਸਟਿੰਗ ਅਤੇ ਇਹੋ ਜਿਹੇ ਹੋਰ ਐਨਰਜੀ ਡਰਿੰਕ ਵੇਚਣ ਤੇ ਸਰਕਾਰੀ ਹੁਕਮਾਂ ਅਨੁਸਾਰ ਪਾਬੰਦੀ ਲਗਾਈ ਗਈ ਹੈ।
ਅਗਰ ਕੋਈ ਦੁਕਾਨਦਾਰ ਇਹਨਾ ਹੁਕਮਾਂ ਦਾ ਉਲੰਘਣ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਖਾਧ ਸਮਗਰੀ ਵੇਚਣ ਵਾਲਿਆਂ ਨੂੰ ਐੱਫਐਸਐਸਆਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਤੇ ਸਿਹਤਮੰਦ ਭੋਜਨ ਮੁੱਹਈਆ ਕਰਵਾਇਆ ਜਾ ਸਕੇ।
ਜ਼ਿਲਾ ਸਿਹਤ ਅਫ਼ਸਰ ਅਤੇ ਫੂਡ ਸੇਫਟੀ ਟੀਮ ਵੱਲੋਂ ਮੌਸਮੀ ਫਲਾਂ ਤੋਂ ਇਲਾਵਾ ਬਿਸਕਿਟ, ਸੌਸ, ਕੇਕ ਵਗੈਰਾ ਸਮੇਤ ਕੁੱਲ 15 ਸੈਂਪਲ ਭਰੇ ਗਏ
