ਗੜ੍ਹਸ਼ੰਕਰ 15 ਨਵੰਬਰ 2025:- ਗੜ੍ਹਸ਼ੰਕਰ ਹਲਕੇ ਵਿੱਚ ਅੱਜ ਇਕ ਇਤਿਹਾਸਕ ਦ੍ਰਿਸ਼ ਨਜ਼ਰ ਆਇਆ, ਜਦੋਂ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਗੜ੍ਹਸ਼ੰਕਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨਾਲ ਜੋੜਨ ਦੀ ਮੰਗ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਮੰਗ ਪੱਤਰ ਸੌਂਪਿਆ।
ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਮੰਗ ਕਈ ਦਹਾਕਿਆਂ ਤੋਂ ਲਗਾਤਾਰ ਲੋਕਾਂ ਦੇ ਦਿਲਾਂ ਵਿੱਚ ਹੈ ਪਰ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਇਸ ਮਹੱਤਵਪੂਰਣ ਮੁੱਦੇ ਨੂੰ ਅਣਦੇਖਿਆ ਕੀਤਾ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਦੇ ਕਈ ਪਿੰਡ ਭੌਗੋਲਿਕ ਤੌਰ ‘ਤੇ ਨਵਾਂਸ਼ਹਿਰ ਨਾਲ ਬਿਲਕੁਲ ਨੇੜੇ ਹਨ ਪਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਦੂਰੀ 60 ਤੋਂ 80 ਕਿਲੋਮੀਟਰ ਵਾਲੀ ਥਕਾਵਟ ਭਰੀ ਯਾਤਰਾ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਖ਼ਾਸ ਕਰਕੇ ਗਰੀਬਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਸਰਕਾਰੀ ਕੰਮਾਂ ਲਈ ਦੌੜਾਂ ਲਗਾਉਣੀਆਂ ਪੈਂਦੀਆਂ ਹਨ ਜਿਸ ਨਾਲ ਸਮਾਂ, ਪੈਸਾ ਤੇ ਮਿਹਨਤ ਦੋਵਾਂ ਜਾਅ ਜਾਂਦੇ ਹਨ।
ਸਰਪੰਚ ਬੂਟਾ ਸਿੰਘ ਅਲੀਪੁਰ ਨੇ ਕਿਹਾ, ਅਸੀਂ ਇਹ ਮੰਗ ਕਈ ਸਾਲਾਂ ਤੋਂ ਕਰ ਰਹੇ ਹਾਂ, ਪਰ ਹੁਣ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਡਿਪਟੀ ਸਪੀਕਰ ਰੌੜੀ ਸਾਹਿਬ ਇਸ ਮੁੱਦੇ ਦਾ ਹੱਲ ਕਰਵਾਉਣਗੇ। ਨਵਾਂਸ਼ਹਿਰ ਨਾਲ ਜੋੜੇ ਜਾਣ ਨਾਲ ਇਲਾਕੇ ਦੀਆਂ ਦਰਜਨਾਂ ਸਮੱਸਿਆਵਾਂ ਤੁਰੰਤ ਹੱਲ ਹੋਣਗੀਆਂ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਲੋਕ ਰਾਏ ਦਾ ਸਤਿਕਾਰ ਕਰਦਿਆਂ ਕਿਹਾ, ਲੋਕਤੰਤਰ ਵਿੱਚ ਲੋਕ ਰਾਏ ਸਭ ਤੋਂ ਵੱਡੀ ਹੁੰਦੀ ਹੈ। ਜਿੱਥੇ ਲੋਕਾਂ ਦੀ ਸਹੂਲਤ ਹੋਵੇ, ਮੈਂ ਹਮੇਸ਼ਾ ਲੋਕਾਂ ਦੇ ਨਾਲ ਖੜਾ ਹਾਂ। ਪੰਚਾਇਤਾਂ ਵੱਲੋਂ ਦਿੱਤਾ ਮੰਗ ਪੱਤਰ ਤੁਰੰਤ ਹੀ ਸਰਕਾਰ ਅਤੇ ਸਬੰਧਿਤ ਉੱਚ ਅਧਿਕਾਰੀਆਂ ਅੱਗੇ ਰੱਖਿਆ ਜਾਵੇਗਾ। ਲੋਕ ਹਿੱਤ ਸਾਡੇ ਲਈ ਪਹਿਲ ਹੈ।
ਡਿਪਟੀ ਸਪੀਕਰ ਵੱਲੋਂ ਮਿਲੇ ਇਸ ਮਜ਼ਬੂਤ ਭਰੋਸੇ ਤੋਂ ਬਾਅਦ ਇਲਾਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਵਿੱਚ ਨਵੀਂ ਉਮੀਦ ਅਤੇ ਉਤਸ਼ਾਹ ਹੈ। ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਦੀ ਲੰਬੇ ਸਮੇਂ ਤੋਂ ਲੰਬਿਤ ਮੰਗ ਹੁਣ ਹਕੀਕਤ ਬਣਨ ਵੱਲ ਵੱਧ ਰਹੀ ਹੈ।
