ਗੜ੍ਹਸ਼ੰਕਰ:- ਸ਼ਹਿਰ ਟ੍ਰੈਫਿਕ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਹੋਲੇ-ਮਹੱਲੇ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਦੋਆਬੇ ਅਤੇ ਮਾਝੇ ਤੋਂ ਸੰਗਤਾਂ ਦਾ ਆਮਦ ਮੌਕੇ ਗੜ੍ਹਸ਼ੰਕਰ ’ਚ ਟ੍ਰੈਫਿਕ ਪੱਖੋਂ ਹਾਲਾਤ ਬਦਤਰ ਬਣੇ ਹੋਏ ਵੇਖਣ ਨੂੰ ਮਿਲਦੇ ਹਨ। ਇਥੇ ਟ੍ਰੈਫਿਕ ਮੁਲਾਜ਼ਮਾਂ ਦੀ ਵੀ ਵੱਡੀ ਘਾਟ ਅਕਸਰ ਰੜਕਦੀ ਹੈ।
 ਇਨ੍ਹਾਂ ਹਲਾਤਾਂ ਨੂੰ ਸੁਧਾਰਨ ਲਈ ਭਾਵੇਂ ਸਰਕਾਰ ਪਹਿਲਕਦਮੀ ਕਰਨ ’ਚ ਅੱਗੇ ਨਹੀਂ ਆਈ ਪਰ ਗੜ੍ਹਸ਼ੰਕਰ- ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਇਕ ਵੱਡੇ ਹਿੱਸੇ ਨੂੰ ਚਾਰ-ਮਾਰਗੀ ਬਣਾਉਣ ਦਾ ਵੱਡਾ ਕਾਰਜ ਕਰ ਰਹੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੰਤਾਂ ਵਲੋਂ ਕਾਰ ਸੇਵਾ ਮੁਖੀ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਗੜ੍ਹਸ਼ੰਕਰ ਵਿਖੇ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਸਮੱਸਿਆ ਘਟਾਉਣ ਦੇ ਮੰਤਵ ਨਾਲ ਮਿੰਨੀ ਬਾਈਪਾਸ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। 
ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਸੜਕ ਅਤੇ ਗੜ੍ਹਸੰਕਰ ਤੋਂ ਬੰਗਾ ਨੂੰ ਜਾਣ ਵਾਲੀ ਸੜਕ ਵਿਚਕਾਰ ਪੈਂਦੇ ਬਿਸਤ-ਦੁਆਬ ਨਹਿਰ ਦੇ ਦੋਵੇਂ ਪਾਸੇ ਸੜਕ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ। ਨਹਿਰ ਦੇ ਦੋਵੇਂ ਪਾਸੇ ਵੱਡੀ ਮਾਤਰਾ ’ਚ ਮਟੀਰੀਅਲ ਪਾ ਕੇ ਸੜਕ ਬਣਾਉਣ ਦਾ ਰਸਤਾ ਪੱਧਰ ਕੀਤਾ ਜਾ ਰਿਹਾ ਹੈ ਤੇ ਆਉਂਦੇ ਕੁਝ ਦਿਨਾਂ ’ਚ ਸੰਗਤਾਂ ਅਤੇ ਇਲਾਕੇ ਦੇ ਲੋਕਾਂ ਲਈ ਸੜਕ ਤਿਆਰ ਹੋਣ ਦਾ ਸੰਭਾਵਨਾ ਹੈ।  
 ਇਸ  ਰਸਤੇ  ਨੂੰ ਚਾਲੂ ਕਰਨ ਨਾਲ  ਟ੍ਰੈਫਿਕ  ਦੀ ਸਮੱਸਿਆ  ਨੂੰ ਕੁੱਝ  ਰਾਹਤ  ਮਿਲੀ ਹੈ। ਬਾਬਾ ਸਤਨਾਮ ਸਿੰਘ ਨੇ ਕਾਰਜ ਦੀ ਆਰੰਭਤਾ ਮੌਕੇ ਕਿਹਾ ਕਿ ਇਹ ਸਭ ਕਾਰਜ ਸੰਗਤਾਂ ਦੀ ਸਹੂਲਤ ਲਈ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਸੰਤਾਂ ਵਲੋਂ ਸ਼ੁਰੂ ਕੀਤੇ ਜਾ ਰਹੇ ਕਾਰਜ ਨੂੰ ਲੈ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ ਤੇ ਇਸ ਨਾਲ ਗੜ੍ਹਸ਼ੰਕਰ ਸ਼ਹਿਰ ’ਚ ਟ੍ਰੈਫਿਕ ਜਾਮ ਲੱਗਣ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਮੌਕੇ ਤੇ ਚੂਹੜ ਸਿੰਘ  ਬੱਬਰ  ਗੜ੍ਹਸ਼ੰਕਰ,ਨਿਰਮਲ ਸਿੰਘ  ਬੋੜਾ ਅਤੇ ਹੋਰ ਹਾਜਰ ਸਨ।