ਚੰਡੀਗੜ੍ਹ:- ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲ, ਮੋਹਾਲੀ ਦੇ ਸੀਨੀਅਰ ਕੈਂਸਰ ਮਾਹਿਰਾਂ ਦੇ ਪੈਨਲ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਛਾਤੀ ਦੇ ਕੈਂਸਰ ਨਾਲ ਜੁੜੇ ਅਹਿਮ ਤੱਥ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ਵਿੱਚ ਸਮੇਂ ਸਿਰ ਜਾਂਚ ਅਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਮੈਡੀਕਲ ਓਨਕੋਲੋਜੀ ਦੇ ਡਾਇਰੈਕਟਰ ਡਾ. ਸੰਦੀਪ ਕੁੱਕੜ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਕੈਂਸਰ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ, “ਦੁਨੀਆ ਭਰ ਵਿੱਚ ਹਰ ਸਾਲ ਲਗਭਗ 21 ਲੱਖ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਭਾਰਤ ਵਿੱਚ ਹਰ ਸਾਲ ਕਰੀਬ 1.90 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।”

ਮੈਡੀਕਲ ਓਨਕੋਲੋਜੀ ਦੇ ਡਾਇਰੈਕਟਰ ਡਾ. (ਬ੍ਰਿਗੇਡੀਅਰ) ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਬਿਮਾਰੀ ਹੁਣ ਘੱਟ ਉਮਰ ਦੀਆਂ ਔਰਤਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ, “ਭਾਰਤ ਵਿੱਚ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਤੋਂ ਵੱਧ ਮਰੀਜ਼ਾਂ ਵਿੱਚ ਬਿਮਾਰੀ ਦਾ ਪਤਾ ਉੱਨਤ ਪੜਾਅ ’ਤੇ ਲੱਗਦਾ ਹੈ। ਇਸ ਦੇ ਮੁੱਖ ਕਾਰਨ ਜਾਂਚ ਦੀ ਘੱਟ ਦਰ ਅਤੇ ਸਮਾਜਿਕ ਝਿਜਕ ਹਨ।”

ਸਰਜੀਕਲ ਓਨਕੋਲੋਜੀ ਦੇ ਸੀਨੀਅਰ ਸਲਾਹਕਾਰ ਡਾ. ਵਿਜੈ ਜਗਾੜ ਨੇ ਕਿਹਾ, “ਭਾਰਤ ਵਿੱਚ ਔਰਤਾਂ ਨੂੰ ਹੋਣ ਵਾਲੇ ਕੁੱਲ ਕੈਂਸਰ ਮਾਮਲਿਆਂ ਵਿੱਚ ਛਾਤੀ ਦੇ ਕੈਂਸਰ ਦੀ ਹਿੱਸੇਦਾਰੀ 27 ਫ਼ੀਸਦੀ ਹੈ। ਛਾਤੀ ਦੀ ਖ਼ੁਦ ਜਾਂਚ ਅਤੇ ਮੈਮੋਗ੍ਰਾਫੀ ਵਰਗੀਆਂ ਸੌਖੀਆਂ ਤਕਨੀਕਾਂ ਨਾਲ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕੀਤੀ ਜਾ ਸਕਦੀ ਹੈ। ਇਸ ਦੇ ਬਾਵਜੂਦ, ਸਰਵੇਖਣਾਂ ਅਨੁਸਾਰ, 75 ਫ਼ੀਸਦੀ ਭਾਰਤੀ ਔਰਤਾਂ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ।”

ਰੇਡੀਏਸ਼ਨ ਓਨਕੋਲੋਜੀ ਦੇ ਸਲਾਹਕਾਰ ਡਾ. ਅਮਨ ਕੁਮਾਰ ਵੈਦ ਅਤੇ ਡਾ. ਨਿਤਿਨ ਬਾਲਾਚੰਦਰ ਨੇ ਵੀ ਜ਼ੋਰ ਦਿੱਤਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲਜ਼ ਦੇ ਗਰੁੱਪ ਸੀਈਓ (ਨਾਰਥ) ਆਸ਼ੀਸ਼ ਚੱਢਾ ਨੇ ਐਲਾਨ ਕੀਤਾ ਕਿ ਪਾਰਕ ਹਸਪਤਾਲ, ਮੋਹਾਲੀ ਵਿੱਚ 31 ਅਕਤੂਬਰ ਤੱਕ ਮੈਮੋਗ੍ਰਾਫੀ ਜਾਂਚ ’ਤੇ 50 ਫ਼ੀਸਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੀ.ਈ.ਟੀ.-ਸੀ.ਟੀ. ਸਕੈਨ ਸਿਰਫ਼ ₹10,999 ਵਿੱਚ ਕਰਵਾਇਆ ਜਾ ਸਕਦਾ ਹੈ।